ਪਿੰਡ ਢਾਣੀ ਨੱਥਾ ਸਿੰਘ ''ਤੇ ਸਤਲੁਜ ਦੇ ਪਾਣੀ ਦਾ ਕਹਿਰ, ਪਿੰਡ ਵਾਸੀਆਂ ਨੇ ਸੁਣਾਈ ਦਾਸਤਾਨ
Wednesday, May 27, 2020 - 05:02 PM (IST)
ਫਾਜ਼ਿਲਕਾ : ਜਿਲ੍ਹਾਂ ਫਾਜ਼ਿਲਕਾ ਦੀ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡ ਢਾਣੀ ਨੱਥਾ ਸਿੰਘ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਹੈ। ਸਤਲੁਜ ਦਰਿਆ ਦੇ ਪਾਣੀ ਦੇ ਵੱਧ ਜਾਣ ਕਾਰਨ ਇਸ ਸਰਹੱਦੀ ਪਿੰਡ ਦੀ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਜਾਣ ਕਰਕੇ ਇਹ ਭਾਰਤ ਨਾਲੋਂ ਟੁੱਟ ਕੇ ਰਹਿ ਜਾਂਦਾ ਹੈ। ਪਿੰਡ ਦੇ ਲੋਕਾਂ ਨੂੰ ਸਰਹੱਦ ਤੋਂ ਸ਼ਹਿਰ ਜਾਂ ਫਿਰ ਆਪਣੇ ਪਿੰਡ ਤੋਂ ਬਾਹਰ ਆਉਣ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਉਹ ਹਰੇਕ ਸਿਆਸੀ ਪਾਰਟੀ ਕੋਲ ਇੱਥੇ ਪੁਲ ਬਣਾਉਣ ਦੀ ਮੰਗ ਰੱਖਦੇ ਆ ਰਹੇ ਹਨ ਪਰ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਵੋਟਾਂ ਦੇ ਸਮੇਂ ਸਾਰੇ ਹੀ ਪੁਲ ਬਣਾਉਣ ਦਾ ਵਾਅਦਾ ਕਰ ਜਾਂਦੇ ਹਨ ਪਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੂੰ ਆਪਣੇ ਪਿੰਡ ਜਾਣ ਵਾਸਤੇ ਪੁੱਲ ਬਣਾਉਣ ਦਾ ਵਾਅਦਾ ਵਫਾ ਨਹੀਂ ਹੋਇਆ। ਉਨ੍ਹਾਂ ਦੇ ਪਿੰਡ 'ਚ ਸਤਲੁਜ ਦਾ ਪਾਣੀ ਆ ਜਾਣ ਕਾਰਨ ਜਿੱਥੇ ਲੱਖਾਂ ਦਾ ਫ਼ਸਲੀ ਨੁਕਸਾਨ ਹੁੰਦਾ ਆ ਰਿਹਾ ਹੈ, ਉਥੇ ਪਿਛਲੇ ਸਾਲ ਤਾਂ ਇਨ੍ਹਾਂ ਦੇ ਪਿੰਡ ਦੇ ਇੱਕ ਨੌਜਵਾਨ ਦੀ ਇਸ ਪਾਣੀ 'ਚ ਡੁੱਬ ਜਾਣ ਕਾਰਨ ਮੌਤ ਵੀ ਹੋ ਗਈ ਸੀ।
ਇਸ ਦੁਖਦ ਘਟਨਾ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਹੀ ਭਰੋਸਾ ਦੁਆਇਆ ਗਿਆ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਉਮੀਦ ਜਾਗੀ ਕਿ ਸ਼ਾਇਦ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਹੁਣ ਪ੍ਰਸ਼ਾਸਨ ਇਸ ਜਗ੍ਹਾ 'ਤੇ ਪੁਲ ਬਣਾ ਦੇਵੇਗਾ ਪਰ ਅਫਸੋਸ ਇਸ ਦੇ ਬਾਅਦ ਵੀ ਅੱਜ ਤੱਕ ਉਨ੍ਹਾਂ ਦੀ ਪੁੱਲ ਵਾਲੀ ਮੰਗ ਪੂਰੀ ਨਹੀਂ ਹੋਈ ਹੈ। ਇਸ ਵਾਰ ਵੀ ਪਾਣੀ ਦੀ ਮਾਰ ਝੱਲ ਰਹੇ ਪਿੰਡ ਦੇ ਵਾਸੀ ਵਾਅਦੇ ਕਰਨ ਵਾਲੇ ਸਿਆਸੀ ਲੋਕਾਂ ਦੇ ਮੂੰਹ ਵੱਲ ਦੇਖ ਕੇ ਸੋਚ ਰਹੇ ਹਨ ਕਿ ਉਨ੍ਹਾ ਵੱਲੋਂ ਕੀਤੇ ਵਾਅਦੇ ਵਫਾ ਹੋਣਗੇ ਜਾਂ ਫਿਰ ਊਠ ਦੇ ਬੁੱਲ ਵਾਂਗ ਲਟਕਦੇ ਹੀ ਰਹਿ ਜਾਣਗੇ।