ਧੁੱਪ, ਦਰਿਆ ਦੀ ਦੋਸਤੀ ਅਤੇ 'ਚੰਡੀਗੜ੍ਹ' ਦੇ ਲੋਕ
Friday, Jan 25, 2019 - 05:09 PM (IST)

ਜਲੰਧਰ (ਜੁਗਿੰਦਰ ਸੰਧੂ)— ਠੁਰ-ਠੁਰ ਕਰਦੀਆਂ ਰਾਤਾਂ ਅਤੇ ਉਹ ਵੀ ਕਈ ਵਾਰ ਘੁੱਪ ਹਨੇਰੀਆਂ, ਜਦੋਂ 'ਭਾਖੜੇ ਦੀ ਮੁਟਿਆਰ' ਵਜੋਂ ਜਾਣੀ ਜਾਂਦੀ ਬਿਜਲੀ ਵੀ ਝਕਾਨੀ ਦੇ ਜਾਂਦੀ ਹੈ। ਘਰਾਂ 'ਚ ਕੋਈ ਹੀਟਰ ਨਹੀਂ, ਨਾ ਹੀ ਗੀਜ਼ਰ, ਜਿਸ ਨਾਲ ਪਿੰਡੇ ਦੇ ਹੱਡਾਂ ਨੂੰ ਠਾਰ ਤੋਂ ਬਚਾਉਣ ਲਈ ਸੇਕ ਪਹੁੰਚਾਇਆ ਜਾ ਸਕੇ। ਚੁੱਲ੍ਹਿਆਂ 'ਚ ਬਲਦੇ ਕੱਖ ਤਾਂ ਬੜੀ ਮੁਸ਼ਕਿਲ ਚਾਹ-ਰੋਟੀ ਦਾ ਬੁੱਤਾ ਸਾਰਦੇ ਹਨ, ਇਨ੍ਹਾਂ ਨਾਲ ਪੂਰੇ ਟੱਬਰ ਦੇ ਨਹਾਉਣ-ਕੱਪੜੇ ਧੋਣ ਲਈ ਪਾਣੀ ਤੱਤਾ ਨਹੀਂ ਕੀਤਾ ਜਾ ਸਕਦਾ। ਦਿਨ-ਭਰ ਦੀ ਮੁਸ਼ੱਕਤ ਤੋਂ ਬਾਅਦ ਥੱਕੇ-ਟੁੱਟੇ ਸਰੀਰਾਂ ਨੂੰ ਰਜਾਈਆਂ ਦਾ ਓਢਣ ਹੀ ਰਾਤ ਦੇ ਪਹਿਰ 'ਚ ਕਿਸੇ ਹੱਦ ਤਕ ਨਿੱਘ ਪ੍ਰਦਾਨ ਕਰਦਾ ਹੈ ਜਾਂ ਫਿਰ ਉਹ ਦਿਨ ਵੇਲੇ ਸੂਰਜ ਦੀ ਧੁੱਪ ਤੋਂ ਜੀਵਨ-ਊਰਜਾ ਪ੍ਰਾਪਤ ਕਰਦੇ ਹਨ।
ਉਪਰੋਕਤ ਹਾਲਾਤ ਗੁਰਦਾਸਪੁਰ ਜ਼ਿਲੇ ਦੇ ਪਿੰਡ 'ਚੰਡੀਗੜ੍ਹ' ਵਿਚ ਵਸਦੇ ਲੋਕਾਂ ਦੇ ਹਨ, ਜਿਨ੍ਹਾਂ ਨੇ ਰਾਵੀ ਨਾਲ ਦੋਸਤੀ ਨਿਭਾਉਂਦਿਆਂ ਇਕ ਪਾਸੇ ਤੋਂ ਆਲ੍ਹਣੇ ਛੱਡੇ ਅਤੇ ਦੂਜੇ ਪਾਸੇ ਆਪਣਾ 'ਚੰਡੀਗੜ੍ਹ' ਵਸਾ ਲਿਆ। ਇਹ ਦੋਸਤੀ ਉਨ੍ਹਾਂ ਲੋਕਾਂ ਨੂੰ ਬਹੁਤ ਮਹਿੰਗੀ ਵੀ ਪਈ, ਜਿਨ੍ਹਾਂ ਦੀ 200 ਏਕੜ ਦੇ ਕਰੀਬ ਜ਼ਮੀਨ ਇਸ ਦੀ ਭੇਟਾ ਚੜ੍ਹ ਗਈ। ਕੋਈ ਉਮੀਦ ਨਹੀਂ ਕਿ ਫਿਰ ਕਿਸ ਸਮੇਂ ਉਸ ਜ਼ਮੀਨ ਵਿਚ ਕਿਸਾਨ ਖੇਤੀ ਕਰ ਸਕਣਗੇ ਕਿਉਂਕਿ ਹੁਣ ਤਕ ਤਾਂ ਉਹ ਪਾਣੀ ਦੀ ਭੇਟ ਚੜ੍ਹੀ ਹੋਈ ਹੈ। ਕਿਸਾਨਾਂ ਨਾਲ ਦਰਿਆ ਵੱਲੋਂ ਕੀਤੀ ਗਈ ਇਸ 'ਧੱਕੇਸ਼ਾਹੀ' ਪ੍ਰਤੀ ਸਰਕਾਰ ਨੇ ਵੀ ਕੋਈ 'ਹਾਅ' ਦਾ ਨਾਅਰਾ ਨਹੀਂ ਮਾਰਿਆ ਅਤੇ ਨਾ ਮੁਆਵਜ਼ੇ ਵਜੋਂ ਕੋਈ ਪੈਸਾ-ਧੇਲਾ ਦਿੱਤਾ ਹੈ। ਮੁਆਵਜ਼ਾ ਤਾਂ ਚੰਡੀਗੜ੍ਹ ਦੇ ਵਾਸੀਆਂ ਨੂੰ ਆਪਣੇ ਪੁਰਾਣੇ ਘਰਾਂ 'ਚੋਂ ਉੱਜੜਣ ਦਾ ਵੀ ਕੋਈ ਨਹੀਂ ਮਿਲਿਆ।
ਬਰਸਾਤਾਂ ਦੇ ਦਿਨਾਂ 'ਚ ਜਦੋਂ ਰਾਵੀ ਦਾ ਪਾਣੀ ਪੂਰੇ ਜੋਬਨ 'ਤੇ ਹੁੰਦਾ ਹੈ ਤਾਂ ਇਹ ਸਭ ਦਰਿਆ ਦੀ ਮਰਜ਼ੀ 'ਤੇ ਨਿਰਭਰ ਹੁੰਦਾ ਹੈ ਕਿ ਉਸ ਨੇ ਕਿਸ ਪਾਸੇ ਵੱਲ ਕਿੰਨੀ ਢਾਹ ਲਗਾਉਣੀ ਹੈ। ਪਲਾਂ 'ਚ ਹੀ ਖੇਤ ਦਰਿਆ ਦੇ ਵਹਿਣ ਅੱਗੇ ਰੁੜ੍ਹ ਜਾਂਦੇ ਹਨ ਅਤੇ ਫਸਲਾਂ ਤਬਾਹ ਹੋ ਜਾਂਦੀਆਂ ਹਨ। ਕਈ ਵਾਰ ਤਾਂ ਘਰਾਂ ਦੇ ਚੁੱਲ੍ਹਿਆਂ ਤਕ ਪਾਣੀ ਆ ਜਾਂਦਾ ਹੈ। ਪਿੰਡ ਦੇ ਲੋਕਾਂ ਨੇ ਇਸ ਹੋਣੀ ਨੂੰ ਆਪਣੀ ਤਕਦੀਰ ਦਾ ਹਿੱਸਾ ਮੰਨ ਲਿਆ ਹੈ ਅਤੇ ਇਸ ਨਾਲ ਹੀ ਡੁੱਬਦੇ-ਤਰਦੇ ਰਹਿਣਾ ਅਤੇ ਜਿਊਣਾ ਸਿੱਖ ਲਿਆ ਹੈ।
ਪਿੰਡ ਦੇ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸੂਬੇ ਦੀ ਰਾਜਧਾਨੀ ਵਾਲਾ ਚੰਡੀਗੜ੍ਹ ਕਿਸ ਤਰ੍ਹਾਂ ਦਾ ਅਤੇ ਉਨ੍ਹਾਂ ਕੋਲੋਂ ਕਿੰਨੀ ਦੂਰ ਸਥਿਤ ਹੈ। ਉਸ ਚੰਡੀਗੜ੍ਹ ਦੀ ਦ੍ਰਿਸ਼ਟੀ ਸ਼ਾਇਦ ਇਸ 'ਚੰਡੀਗੜ੍ਹ' ਤਕ ਨਹੀਂ ਪੁੱਜਦੀ ਹੋਵੇਗੀ, ਨਹੀਂ ਤਾਂ ਇਥੋਂ ਦੇ ਵਸਨੀਕਾਂ ਦੀ ਅਜਿਹੀ ਹਾਲਤ ਨਾ ਹੁੰਦੀ, ਜਿਸ ਤਰ੍ਹਾਂ ਦੀ ਅੱਜ ਹੈ। ਉਨ੍ਹਾਂ ਦੇ ਚਿਹਰਿਆਂ ਤੋਂ ਆਸ ਦੀ ਕੋਈ ਚਮਕ ਦਿਖਾਈ ਨਹੀਂ ਦਿੰਦੀ, ਫਿਰ ਵੀ ਦਿਲ ਵਿਚ ਕਿਤੇ ਨਾ ਕਿਤੇ ਉਮੀਦ ਹੈ ਕਿ ਕਦੇ ਉਨ੍ਹਾਂ ਦੀ ਵੀ ਸੁਣੀ ਜਾਵੇਗੀ।
ਪੈਰਾਂ 'ਚ ਢੰਗ ਦੀਆਂ ਜੁੱਤੀਆਂ ਵੀ ਨਹੀਂ
ਪਿੰਡ ਦੇ ਲੋਕਾਂ ਦੀ ਹਾਲਤ ਕਿੰਨੀ ਤਰਸਯੋਗ ਹੈ, ਇਸ ਬਾਰੇ ਸ਼ਾਇਦ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜੋ ਕੁਝ ਦਿਖਾਈ ਦਿੰਦਾ ਹੈ, ਉਸ ਤੋਂ ਕਾਫੀ ਕੁਝ ਸਮਝਿਆ ਜਾ ਸਕਦਾ ਹੈ। ਪਿੰਡ ਦੇ ਲੋਕਾਂ ਦੇ ਪੈਰਾਂ 'ਚ ਢੰਗ ਦੀਆਂ ਜੁੱਤੀਆਂ ਵੀ ਨਹੀਂ ਹਨ। ਭਲਾ ਪੋਹ ਦੇ ਮਹੀਨੇ 'ਚ ਪੈਰੀਂ ਚੱਪਲਾਂ ਪਾਉਣੀਆਂ ਕਿਵੇਂ ਜਾਇਜ਼ ਹੈ? ਤਨ ਢਕਣ ਲਈ ਪਹਿਨੇ 'ਕੱਪੜਿਆਂ' ਦੀ ਸਥਿਤੀ ਵੀ ਅਜਿਹੀ ਹੀ ਹੈ। ਸਿਹਤ ਅਤੇ ਲੋਕਾਂ ਦੀ ਚਾਲ-ਢਾਲ ਵੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਹ ਕਿੰਨੀ ਕੁ 'ਪੌਸ਼ਟਿਕ' ਖੁਰਾਕ ਖਾਂਦੇ ਹੋਣਗੇ।
ਜਿਹੜੇ ਲੋਕ ਖੇਤੀ ਕਰਦੇ ਹਨ, ਉਨ੍ਹਾਂ ਦੀਆਂ ਜ਼ਮੀਨਾਂ ਦਾ ਫਸਲੀ-ਚੱਕਰ ਕਣਕ-ਝੋਨੇ ਤਕ ਹੀ ਸੀਮਤ ਹੈ। ਕਿਤੇ-ਕਿਤੇ ਗੰਨੇ ਦੇ ਖੇਤ ਦਿਖਾਈ ਦਿੰਦੇ ਹਨ ਪਰ ਹੁਣ ਬਹੁਤੇ ਕਿਸਾਨ ਇਸ ਤੋਂ ਵੀ ਮੂੰਹ ਮੋੜ ਰਹੇ ਹਨ। ਉਹ ਗੰਨੇ ਦੀ ਕਾਸ਼ਤ ਨੂੰ ਵਧੇਰੇ ਮਿਹਨਤ ਅਤੇ ਘੱਟ ਆਮਦਨ ਵਾਲੀ ਫਸਲ ਸਮਝਦੇ ਹਨ। ਖੰਡ ਮਿੱਲਾਂ ਵਾਲਿਆਂ ਦੇ ਨਖਰੇ ਅਤੇ ਲੇਬਰ ਦੀ ਘਾਟ ਕਾਰਨ ਖੇਤਾਂ 'ਚੋਂ ਗੰਨਾ ਗਾਇਬ ਹੁੰਦਾ ਜਾ ਰਿਹਾ ਹੈ।
ਸਿਹਤ ਸਹੂਲਤਾਂ ਦੇ ਨਾਂ 'ਤੇ ਇਕੱਲਾ 'ਚੰਡੀਗੜ੍ਹ' ਹੀ ਨਹੀਂ, ਇਲਾਕੇ ਦੇ ਹੋਰ ਪਿੰਡਾਂ 'ਚ ਵੀ ਕੁਝ ਖਾਸ ਨਹੀਂ। ਬੀਮਾਰੀ ਜਾਂ ਕਿਸੇ ਹਾਦਸੇ ਦੀ ਹਾਲਤ 'ਚ ਦੀਨਾਨਗਰ ਅਤੇ ਗੁਰਦਾਸਪੁਰ ਵੱਲ ਹੀ ਦੌੜਨਾ ਪੈਂਦਾ ਹੈ। ਹੋਰ ਬੁਨਿਆਦੀ ਸਹੂਲਤਾਂ ਦੀ ਹਾਲਤ ਵੀ ਤਰਸਯੋਗ ਹੀ ਹੈ। ਸੁਰੱਖਿਆ ਦੇ ਪ੍ਰਬੰਧ ਰੱਬ ਆਸਰੇ ਜਾਪਦੇ ਹਨ।
ਰੋਜ਼ਗਾਰ ਅਤੇ ਆਮਦਨ ਦੇ ਵਸੀਲਿਆਂ ਦੀ ਘਾਟ
ਰੋਜ਼ਗਾਰ ਅਤੇ ਆਮਦਨ ਦੇ ਵਸੀਲਿਆਂ ਦੀ ਘਾਟ ਨੇ ਇਲਾਕੇ ਦੀ ਤਰੱਕੀ ਦਾ ਰਾਹ ਰੋਕਿਆ ਹੋਇਆ ਹੈ। ਉੱਚ ਸਿੱਖਿਆ ਪ੍ਰਾਪਤੀ ਤਾਂ ਇਕ ਸੁਪਨਾ ਹੀ ਹੈ, ਸਗੋਂ ਬਹੁਤੇ ਬੱਚੇ ਤਾਂ ਮੁੱਢਲੀ ਸਿੱਖਿਆ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਅਜਿਹੀ ਸਥਿਤੀ 'ਚ ਇਨ੍ਹਾਂ ਪਿੰਡਾਂ ਦੀ ਹਕੀਕੀ ਤਸਵੀਰ ਕਿਸੇ ਵੀ ਤਰ੍ਹਾਂ ਮੱਧ-ਯੁੱਗ ਤੋਂ ਵੱਖਰੀ ਨਹੀਂ।
ਆਜ਼ਾਦੀ ਦੀ ਖੁੱਲ੍ਹੀ ਹਵਾ ਦੇ ਬੁੱਲੇ ਸਰਹੱਦੀ ਪੱਟੀ ਦੇ ਪਿੰਡਾਂ ਤੋਂ ਬਾਈਪਾਸ ਲੰਘ ਜਾਂਦੇ ਹਨ। ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਲਈ ਤਾਂ 1947 ਤੋਂ ਪਹਿਲਾਂ ਵਾਲੀ ਹੀ ਸਥਿਤੀ ਹੈ। ਇਨ੍ਹਾਂ ਪਿੰਡਾਂ 'ਚ ਉਦੋਂ ਵੀ ਕੋਈ ਸਹੂਲਤ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ।
ਇਲਾਕੇ 'ਚ ਕੋਈ ਉਦਯੋਗ ਨਹੀਂ ਹੈ, ਨਾ ਕੋਈ ਵੱਡਾ ਅਦਾਰਾ ਹੈ। ਚੰਗੇ ਸਕੂਲਾਂ-ਕਾਲਜਾਂ ਦੀ ਵੀ ਘਾਟ ਹੈ। ਹਰ ਪਾਸੇ ਠੱਗੀਆਂ ਮਾਰਨ ਵਾਲੇ ਜ਼ਰੂਰ ਸਰਗਰਮ ਹਨ। ਕੋਈ ਵਿਦੇਸ਼ ਭੇਜਣ ਦੇ ਨਾਂ 'ਤੇ ਲੁੱਟ ਰਿਹਾ ਹੈ, ਕੋਈ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਂਜਾ ਮਾਰ ਜਾਂਦਾ ਹੈ। ਪਛਾਣ-ਪੱਤਰ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਹੋਰ ਸਕੀਮਾਂ-ਕਾਰਜਾਂ ਦੇ ਨਾਂ 'ਤੇ ਲੋਕਾਂ ਦੀਆਂ ਜੇਬਾਂ 'ਤੇ ਲੁਟੇਰਿਆਂ ਦੀ ਕੈਂਚੀ ਚੱਲਦੀ ਰਹਿੰਦੀ ਹੈ।
ਵੋਟਾਂ ਵਾਲੇ 'ਲੁਟੇਰੇ'
ਪਿੰਡਾਂ ਦੇ ਲੋਕ ਤਾਂ ਸਿਆਸੀ ਨੇਤਾਵਾਂ ਨੂੰ ਵੀ ਵੋਟਾਂ ਵਾਲੇ 'ਲੁਟੇਰੇ' ਹੀ ਸਮਝਦੇ ਹਨ, ਜਿਹੜੇ ਫਸਲੀ-ਬਟੇਰਿਆਂ ਵਾਂਗ ਚੋਣਾਂ ਵੇਲੇ ਹੀ 'ਪ੍ਰਗਟ' ਹੁੰਦੇ ਹਨ। ਬਾਕੀ ਗਰਮੀਆਂ-ਸਰਦੀਆਂ ਵਿਚ 'ਚੰਡੀਗੜ੍ਹ ਦੇ ਵਾਸੀਆਂ' ਦਾ ਪੱਕਾ ਸਾਥ ਸੂਰਜ ਦੀ ਧੁੱਪ ਅਤੇ ਰਾਵੀ ਦੀਆਂ ਲਹਿਰਾਂ ਨਾਲ ਹੀ ਹੁੰਦਾ ਹੈ।
ਜੁਗਿੰਦਰ ਸੰਧੂ (ਮੋ. ਨੰ.- 94174-02327)