ਐੱਮ. ਪੀ. ਵਿਕਰਮਜੀਤ ਸਾਹਨੀ ਨੇ ਸੰਸਦ ’ਚ ਚੁੱਕਿਆ ਡਰੱਗ ਦਾ ਮੁੱਦਾ, 10 ਹੋਰ ਸੰਸਦ ਮੈਂਬਰਾਂ ਨੇ ਕੀਤੀ ਹਮਾਇਤ
Saturday, Feb 10, 2024 - 05:32 PM (IST)
ਨਵੀਂ ਦਿੱਲੀ/ਚੰਡੀਗੜ੍ਹ : ਸੰਸਦ ਦੇ ਜ਼ੀਰੋ ਕਾਲ ਦੌਰਾਨ ਇਕ ਭਾਵੁਕ ਸੰਬੋਧਨ ਵਿਚ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਫੈਲੀ ਨਸ਼ਿਆਂ ਦੀ ਬਿਮਾਰੀ ਦਾ ਚਿੰਤਾਜਨਕ ਮੁੱਦਾ ਉਠਾਇਆ। 1 ਫਰਵਰੀ ਨੂੰ ਭਾਰਤ-ਪਾਕਿਸਤਾਨ ਬਾਰਡਰ ’ਤੇ ਮੁੰਦਰਾ ਬੰਦਰਗਾਹ ’ਤੇ ਇੱਕ ਮਹੱਤਵਪੂਰਨ ਬਸਟ ਸਮੇਤ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਬੀ.ਐੱਸ.ਐੱਫ ਦੇ ਡਰੱਗ ਬਸਟ ਆਪਰੇਸ਼ਨ ਦੀਆਂ ਤਾਜ਼ਾ ਘਟਨਾਵਾਂ ਨੂੰ ਉਜਾਗਰ ਕਰਦੇ ਹੋਏ, ਸਾਹਨੀ ਨੇ ਨਸ਼ਿਆਂ ਦੇ ਵਪਾਰ ਨੂੰ ਵਧਾਉਣ ਵਾਲੇ ਬੇਈਮਾਨ ਗਠਜੋੜ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪਾਕਿਸਤਾਨ ਤੋਂ ਡਰੱਗ ਸਪਲਾਇਰਾਂ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਨੌਜਵਾਨਾਂ ਦੀ ਭਰਤੀ ਅਤੇ ਭਾਰਤ ਦੀਆਂ ਜੇਲ੍ਹਾਂ ਤੋਂ ਚੱਲ ਰਹੇ ਡਰੱਗ ਮਾਫੀਆ ਵਿਚਕਾਰ ਸਬੰਧਾਂ ਦਾ ਖੁਲਾਸਾ ਕੀਤਾ। ਸਾਹਨੀ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਘੁਸਪੈਠ ਚਿੰਤਾ ਦਾ ਵਿਸ਼ਾ ਹੈ, ਸਾਨੂੰ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਸਾਹਨੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕਾਰ ਹੋਣ ਤੋਂ ਬਚਾਉਣ ਲਈ ਸਰਕਾਰ ਨੂੰ ਐਂਟੀ ਡਰੋਨ ਤਕਨਾਲੋਜੀ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਵੀ ਅਪੀਲ ਕੀਤੀ। ਸਾਹਨੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਸ਼ਹਿਰਾਂ ਅਤੇ ਨਾਈਟ ਕਲੱਬਾਂ ਵਿਚ ਨਸ਼ੇ ਦੀ ਆਸਾਨੀ ਨਾਲ ਉਪਲੱਬਧਤਾ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਘੁੰਣ ਵਾਂਗ ਖਾ ਰਹੀ ਹੈ। ਸਾਨੂੰ ਸਪਲਾਈ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਕੇ, ਨਸ਼ੇ ਦੀ ਆਸਾਨੀ ਨਾਲ ਹੋਣ ਵਾਲੀ ਉਪਲੱਬਧਤਾ 'ਤੇ ਸਖ਼ਤ ਕੰਟਰੋਲ ਕਰਨ ਚਾਹੀਦਾ ਹੈ ਅਤੇ ਨਸ਼ਾ ਮੁੜ ਵਸੇਬਾ ਕੇਂਦਰਾਂ ਦੀ ਸਹਾਇਤਾ ਨਾਲ ਨਸ਼ਿਆਂ ਰਾਹੀਂ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ ’ਤੇ ਮਜ਼ਬੂਤ ਅਤੇ ਠੋਸ ਕਾਰਵਾਈ ਕਰਨ ਦੀ ਲੋੜ ਹੈ। ਸਾਹਨੀ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਟਾਸਕ ਫੋਰਸ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਸਥਾਪਨਾ ਲਈ ਨਸ਼ਾ ਤਸਕਰੀ ਅਤੇ ਇਸ ਨਾਲ ਲੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।