ਮੁੱਖ ਮੰਤਰੀ ਨਾਲ ਵਿਕਰਮ ਚੌਧਰੀ ਨੇ ਕੀਤੀ ਮੁਲਾਕਾਤ
Saturday, Oct 21, 2017 - 06:37 AM (IST)
ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਵਲੋਂ ਗੁਰਾਇਆ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਦਿੱਤੀ ਗਈ 13.14 ਕਰੋੜ ਦੀ ਗ੍ਰਾਂਟ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜਿਸ ਤਰ੍ਹਾਂ ਨਾਲ ਨਗਰ ਕੌਂਸਲਾਂ, ਨਗਰ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਗਏ ਹਨ, ਉਸ ਨਾਲ ਹੁਣ ਅਕਾਲੀਆਂ ਦੇ ਮੂੰਹ 'ਤੇ ਤਾਲੇ ਲੱਗ ਗਏ ਹਨ, ਜੋ ਲਗਾਤਾਰ ਕੈਪਟਨ ਸਰਕਾਰ 'ਤੇ ਵਿਕਾਸ ਕਾਰਜਾਂ ਦੀ ਅਣਦੇਖੀ ਦੇ ਦੋਸ਼ ਲਾ ਰਹੇ ਸਨ।
ਮੁੱਖ ਮੰਤਰੀ ਨੇ ਵਿਕਰਮ ਚੌਧਰੀ ਨੂੰ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਗੁਰਾਇਆ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਕਰਵਾਉਣ ਤਾਂ ਕਿ ਸਰਕਾਰ ਦਾ ਪੈਸਾ ਸਹੀ ਅਰਥਾਂ ਵਿਚ ਜਨਤਾ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਲੋਕਾਂ ਦੇ ਨਾਲ ਵਿਕਾਸ ਦੇ ਜੋ ਵਾਅਦੇ ਕੀਤੇ ਗਏ ਹਨ, ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚਾਹੇ ਕਾਂਗਰਸ ਸਰਕਾਰ ਨੂੰ ਵਿਰਾਸਤ ਵਿਚ ਅਕਾਲੀਆਂ ਤੋਂ ਖਾਲੀ ਖਜ਼ਾਨਾ ਮਿਲਿਆ ਹੈ ਪਰ ਉਸ ਦੇ ਬਾਵਜੂਦ ਸਰਕਾਰ ਆਪਣੇ ਦਮ 'ਤੇ ਸੂਬੇ ਨੂੰ ਵਿਕਾਸ ਵਲ ਲੈ ਜਾਵੇਗੀ। ਸੂਬੇ ਦੇ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਪੂਰੀ ਤਰ੍ਹਾਂ ਸਥਿਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਸਰਕਾਰ ਦੀ ਆਮਦਨੀ ਵਧਦੀ ਜਾਵੇਗੀ, ਤਿਉਂ-ਤਿਉਂ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟਾਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੂੰ ਵਿਕਰਮ ਚੌਧਰੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਾਰੇ ਕਾਂਗਰਸੀ ਵਰਕਰ ਕੰਮ ਕਰਨਗੇ।
