ਮਾਮਲਾ ਆਸ਼ੂ ਸਾਂਪਲਾ-ਮਿੰਟੀ ਕੌਰ ਦਾ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਿਲਾ ਅਥਾਰਿਟੀ ਨੂੰ ਸੌਂਪੀ ਜਾਂਚ
Tuesday, Sep 19, 2017 - 06:50 AM (IST)
ਜਲੰਧਰ(ਪਾਹਵਾ)-ਕੇਂਦਰ ਸਰਕਾਰ 'ਚ ਰਾਜ ਮੰਤਰੀ ਵਿਜੇ ਸਾਂਪਲਾ ਦੇ ਪਰਿਵਾਰ ਖਿਲਾਫ ਮਿੰਟੀ ਕੌਰ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਚੀਫ ਜਸਟਿਸ ਪੰਜਾਬ ਤੇ ਹਾਈਕੋਰਟ ਨੇ ਮਾਮਲੇ 'ਚ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਜ਼ਿਲਾ ਅਥਾਰਿਟੀ ਨੂੰ ਲਿਖਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਨੇ ਪੰਜਾਬ ਦੇ ਜਨਰਲ ਸਕੱਤਰ (ਸ਼ਿਕਾਇਤ ਨਿਵਾਰਨ) ਰਾਜ ਕੰਵਲ ਚੌਧਰੀ ਨੂੰ ਪੱਤਰ ਲਿਖ ਕੇ ਜਾਂਚ ਕਰਨ ਲਈ ਕਿਹਾ ਸੀ। ਇਸ ਦੀ ਪੁਸ਼ਟੀ ਕਰਦੇ ਹੋਏ ਸ਼ਿਕਾਇਤਕਰਤਾ ਮਿੰਟੀ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਇਸ ਸੰਬੰਧੀ ਭੇਜੀ ਗਈ ਸ਼ਿਕਾਇਤ ਦਾ ਜਵਾਬ ਆਇਆ ਹੈ ਜਿਸ ਵਿਚ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਅੰਡਰ ਚੱਲਣ ਵਾਲੀ ਪੰਜਾਬ ਲੀਗਲ ਸਰਵਿਸ ਅਥਾਰਟੀ ਨੇ ਮੇਲ ਭੇਜੀ ਹੈ। ਮਿੰਟੀ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਦੇ ਨਾਲ-ਨਾਲ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਇਸ ਬਾਰੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਕਿ ਪਹਿਲਾਂ ਬੀ. ਐੱਸ. ਆਈ. ਟੀ. ਬਣਾਈ ਗਈ ਸੀ ਪਰ ਇਸ ਵਿਚ ਸਾਂਪਲਾ ਪਰਿਵਾਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਉਸ ਨੇ ਕਿਹਾ ਕਿ ਸਾਂਪਲਾ ਪਰਿਵਾਰ ਨੂੰ ਬਚਾਉਣ ਲਈ ਦੋਸ਼ੀਆਂ ਦੇ ਖਿਲਾਫ ਸਬੂਤਾਂ ਨੂੰ ਪੁਲਸ ਰਿਕਾਰਡ 'ਤੇ ਲਿਆਂਦੇ ਬਿਨਾਂ ਉਨ੍ਹਾਂ ਨੂੰ ਦਰ-ਕਿਨਾਰ ਕਰ ਕੇ ਜਲੰਧਰ ਪੁਲਸ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਵਿਜੇ ਸਾਂਪਲਾ ਨਾਲ ਮਿਲ ਕੇ ਮੇਰੇ ਨਾਲ ਜਾਂਚ ਵਿਚ ਨਾ ਇਨਸਾਫੀ ਕੀਤੀ ਹੈ ਜਿਸ ਖਿਲਾਫ ਮੈਂ ਪੱਤਰ ਲਿਖਿਆ ਸੀ। ਮਿੰਟੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਂ 6 ਮਹੀਨਿਆਂ ਤੋਂ ਲਿਖੇ ਜਾ ਰਹੇ ਪੱਤਰਾਂ ਦਾ ਪਹਿਲੀ ਵਾਰ ਨੋਟਿਸ ਲੈ ਕੇ ਜਵਾਬ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਪੰਜਾਬ ਦੀ ਇਸ ਅਥਾਰਟੀ ਦੇ 4 ਮੈਂਬਰ ਹਨ ਜਿਸ ਦੇ ਮੁਖੀ ਪੰਜਾਬ-ਹਰਿਆਣਾ ਦੇ ਮੁਖ ਜਸਟਿਸ, ਹਾਈ ਕੋਰਟ ਦੇ ਜਸਟਿਸ ਟੀ. ਪੀ. ਐੱਸ. ਮਾਨ, ਸੈਸ਼ਨ ਜੱਜ ਹਰਪ੍ਰੀਤ ਕੌਰ ਅਤੇ ਐਡੀਸ਼ਨਲ ਸੈਸ਼ਨ ਜੱਜ ਰੰਜੀਤ ਜੈਨ ਸ਼ਾਮਲ ਹਨ। ਇਸ ਕਮੇਟੀ ਨੇ ਉਸ ਦੀ ਸ਼ਿਕਾਇਤ ਜਲੰਧਰ ਅਥਾਰਟੀ ਮੁਖੀ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ ਜਿਸ ਦੇ ਮੁਖੀ ਸੈਸ਼ਨ ਜੱਜ ਸ਼੍ਰੀ ਐੱਸ. ਕੇ. ਗਰਗ ਹਨ। ਉਸ ਨੇ ਕਿਹਾ ਕਿ ਦੇਸ਼ ਦੀ ਨਿਆਂ ਪਾਲਿਕਾ 'ਤੇ ਉਸ ਨੂੰ ਪੂਰਾ ਭਰੋਸਾ ਹੈ ਜਿਸ ਕਾਰਨ ਉਸ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਾਂ ਆਪਣੇ ਕੇਂਦਰੀ ਰਾਜ ਮੰਤਰੀ ਖਿਲਾਫ ਮੇਰੀ ਸ਼ਿਕਾਇਤ ਪੰਜਾਬ ਸਰਕਾਰ ਨੂੰ ਭੇਜ ਕੇ ਜਾਂਚ ਕੀਤੇ ਜਾਣ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਹੁਣ ਦੇਖਦੇ ਹਾਂ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ. ਬੀ. ਆਈ. ਰਾਹੀਂ ਜਾਂ ਨਵੀਂ ਐੱਸ. ਆਈ. ਟੀ. ਗਠਿਤ ਕਰ ਕੇ ਕਦੋਂ ਮੈਨੂੰ ਇਨਸਾਫ ਦਿਵਾਉੁਂਦੀ ਹੈ।
ਗ੍ਰਹਿ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ ਮਾਮਲਾ : ਰਾਜਕਮਲ ਚੌਧਰੀ
ਸਕੱਤਰ ਸ਼ਿਕਾਇਤ ਨਿਵਾਰਨ ਰਾਜਕਮਲ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਵਲੋਂ ਮਿੰਟੀ ਕੌਰ ਦੀ ਸ਼ਿਕਾਇਤ 'ਤੇ ਜਾਂਚ ਲਈ ਕਿਹਾ ਗਿਆ ਹੈ। ਜਾਂਚ ਲਈ ਸੂਬਾ ਗ੍ਰਹਿ ਵਿਭਾਗ ਨੂੰ ਪੱਤਰ ਭੇਜਿਆ ਜਾਵੇਗਾ ਜੋ ਅੱਗੇ ਪੁਲਸ ਨੂੰ ਜਾਂਚ ਸੌਂਪੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਜੇ ਕੁਝ ਹੋਰ ਨਹੀਂ ਕਿਹਾ ਜਾ ਸਕਦਾ।
