ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ’ਚ IAS ਅਧਿਕਾਰੀ ਪੋਪਲੀ ਦਾ 2 ਦਿਨਾ ਰਿਮਾਂਡ ਲਿਆ

07/18/2023 11:44:19 PM

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਆਰ/ਡਬਲਯੂ 13 (2) ਤਹਿਤ ਥਾਣਾ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਪੰਜਾਬ ਵਿਖੇ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮੁਲਜ਼ਮ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਦਾ ਮੰਗਲਵਾਰ ਨੂੰ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਅੱਜ ਇਥੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਨੂੰ ਪੁਲਸ ਥਾਣਾ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਪੰਜਾਬ ਮੁਹਾਲੀ ਵਿਖੇ ਦਰਜ ਐੱਫ. ਆਈ. ਆਰ. ਨੰਬਰ 11 ਮਿਤੀ 06.08.2022 ’ਚ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਕਰਨ ਉਪਰੰਤ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਚਾਚੇ ਦੀ ਪ੍ਰੇਮਿਕਾ ਨੇ ਕੀਤਾ 10 ਸਾਲਾ ਭਤੀਜੇ ਦਾ ਕਤਲ

ਅਦਾਲਤ ਵੱਲੋਂ ਉਕਤ ਅਧਿਕਾਰੀ ਦਾ ਦੋ ਦਿਨ ਦਾ ਪੁਲਸ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ. ਪੀ. ਸੀ. ਦੀ ਧਾਰਾ 120-ਬੀ ਤਹਿਤ ਦਰਜ ਇਕ ਹੋਰ ਕੇਸ ’ਚ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਿਆਇਕ ਰਿਮਾਂਡ ’ਤੇ ਸੀ। ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਅਤੇ ਉਕਤ ਵੱਲੋਂ ਕੀਤੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਸੰਜੇ ਪੋਪਲੀ ਦੇ ਘਰੋਂ ਵੱਖ-ਵੱਖ ਕਿਸਮ ਦਾ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ ਸੋਨੇ ਦੀਆਂ 9 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿਲੋਗ੍ਰਾਮ), ਵੱਖ-ਵੱਖ ਵਜ਼ਨ ਦੇ 49 ਸੋਨੇ ਦੇ ਬਿਸਕੁਟ (3160 ਗ੍ਰਾਮ), ਵੱਖ-ਵੱਖ ਵਜ਼ਨ ਦੇ 12 ਸੋਨੇ ਦੇ ਸਿੱਕੇ (356 ਗ੍ਰਾਮ), ਚਾਂਦੀ ਦੀਆਂ 3 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿਲੋਗ੍ਰਾਮ), 18 ਚਾਂਦੀ ਦੇ ਸਿੱਕੇ (180 ਗ੍ਰਾਮ), 4 ਐਪਲ ਆਈਫੋਨ, ਇਕ ਸੈਮਸੰਗ ਫੋਲਡ ਫ਼ੋਨ, ਦੋ ਸੈਮਸੰਗ ਸਮਾਰਟ ਘੜੀਆਂ ਅਤੇ 500-500 ਦੇ 700 ਭਾਰਤੀ ਕਰੰਸੀ ਦੇ ਨੋਟ (ਕੁੱਲ 3,50,000 ਰੁਪਏ) ਸ਼ਾਮਲ ਹਨ। ਉਕਤ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗਏ ਸੋਨੇ ਅਤੇ ਚਾਂਦੀ ਦੀ ਕੀਮਤ 6.62 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਉਕਤ ਮੁਲਜ਼ਮ ਦੀਆਂ ਜਾਇਦਾਦਾਂ, ਤਨਖ਼ਾਹਾਂ, ਬੈਂਕ ਖਾਤਿਆਂ ਅਤੇ ਹੋਰ ਅਸਾਸਿਆਂ ਦਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਅਗਲੇਰੀ ਪੜਤਾਲ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ


Manoj

Content Editor

Related News