ਵਿਜੀਲੈਂਸ ਨੇ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਦੀ ਨਿਸ਼ਾਨਦੇਹੀ ’ਤੇ 30 ਲੱਖ ਰੁਪਏ ਕੀਤੇ ਬਰਾਮਦ

Sunday, Sep 25, 2022 - 08:29 PM (IST)

ਵਿਜੀਲੈਂਸ ਨੇ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਦੀ ਨਿਸ਼ਾਨਦੇਹੀ ’ਤੇ 30 ਲੱਖ ਰੁਪਏ ਕੀਤੇ ਬਰਾਮਦ

ਫ਼ਿਰੋਜ਼ਪੁਰ (ਕੁਮਾਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਰਖ਼ਾਸਤ ਪੁਲਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੋਂ ਉਸ ਦੇ ਸਹੁਰੇ ਘਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇਵਾਲੀ ਵਿਖੇ ਲੁਕੋ ਕੇ ਰੱਖੇ 30 ਲੱਖ ਰੁਪਏ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭਗੌੜੇ ਇੰਸਪੈਕਟਰ ਬਾਜਵਾ ਨੂੰ 22 ਸਤੰਬਰ ਨੂੰ ਪੰਜਾਬ ਪੁਲਸ ਅਤੇ ਵਿਜੀਲੈਂਸ ਬਿਊਰੋ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਰਾਜਸਥਾਨ ਦੇ ਝਾਲਾਗੜ੍ਹ ਜ਼ਿਲ੍ਹੇ ਦੇ ਰਾਏਪੁਰ ਕਸਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਫ਼ਿਰੋਜ਼ਪੁਰ ਦੀ ਅਦਾਲਤ ਵੱਲੋਂ ਉਸ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦੇਣ ਪਿੱਛੋਂ ਵਿਜੀਲੈਂਸ ਬਿਊਰੋ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭੰਵਰ ਲਾਲ ਵਾਸੀ ਪਰਿਕ ਬਾਸ, ਥਾਣਾ ਕਾਲੂ, ਬੀਕਾਨੇਰ, ਰਾਜਸਥਾਨ ਨੇ 20 ਜੁਲਾਈ 2022 ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੁਧਿਆਣਾ ਵਿਖੇ ਰਹਿੰਦੇ ਉਸ ਦੇ ਭਰਾ ਅਸ਼ੋਕ ਜੋਸ਼ੀ ਨੇ ਆਪਣੇ ਗੌਤਮ ਨਾਮੀ ਕਰਮਚਾਰੀ ਨੂੰ ਟੈਕਸੀ ਡਰਾਈਵਰ ਕਵਲਜੀਤ ਸਿੰਘ ਰਾਹੀਂ ਮੋਗਾ ਤੋਂ 86 ਲੱਖ ਰੁਪਏ ਦੀ ਅਦਾਇਗੀ ਲੈਣ ਭੇਜਿਆ ਸੀ ਪਰ ਉਸ ਦਿਨ ਉਕਤ ਇੰਸਪੈਕਟਰ ਬਾਜਵਾ (348/ਫਿਰੋਜ਼ਪੁਰ) ਨੇ ਸਹਾਇਕ ਸਬ-ਇੰਸਪੈਕਟਰ ਅੰਗਰੇਜ਼ ਸਿੰਘ (145/ਫਿਰੋਜ਼ਪੁਰ) ਅਤੇ ਰਾਜਪਾਲ ਸਿੰਘ (1235/ਫਿਰੋਜ਼ਪੁਰ) ਅਤੇ ਹੌਲਦਾਰ ਜੋਗਿੰਦਰ ਸਿੰਘ (145/ਫਿਰੋਜ਼ਪੁਰ) ਨਾਲ ਹਮਮਸ਼ਵਰਾ ਹੋ ਕੇ ਉਕਤ ਟੈਕਸੀ ਨੂੰ ਰੋਕ ਕੇ ਉਸ ਦੇ ਭਰਾ ਦੇ ਕਰਮਚਾਰੀ ਅਤੇ ਟੈਕਸੀ ਡਰਾਈਵਰ ਤੋਂ ਸਾਰੀ ਰਕਮ ਯਾਨੀ 86 ਲੱਖ ਰੁਪਏ ਜ਼ਬਤ ਕਰ ਲਏ। ਉਨ੍ਹਾਂ ਦੱਸਿਆ ਕਿ ਉਕਤ ਰਕਮ ਦੀ ਦੁਰਵਰਤੋਂ ਕਰਨ ਲਈ ਉਪਰੋਕਤ ਪੁਲਸ ਮੁਲਾਜ਼ਮਾਂ ਨੇ ਕਰਮਚਾਰੀ ਗੌਤਮ ਅਤੇ ਟੈਕਸੀ ਡਰਾਈਵਰ ਕੋਲੋਂ 1 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਦਿਖਾਉਂਦਿਆਂ ਥਾਣਾ ਫਿਰੋਜ਼ਪੁਰ ਛਾਉਣੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਝੂਠਾ ਕੇਸ ਦਰਜ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਉਪਰੋਕਤ ਸਾਰੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵੱਖਰਾ ਕੇਸ ਦਰਜ ਕਰਕੇ ਏ. ਐੱਸ. ਆਈ. ਅੰਗਰੇਜ਼ ਸਿੰਘ ਅਤੇ ਰਾਜਪਾਲ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਹੁਣ ਜੇਲ ’ਚ ਬੰਦ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪਿੱਛੋਂ ਇਹ ਕੇਸ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਗਿਆ ਅਤੇ ਭਗੌੜੇ ਦੋਸ਼ੀ ਇੰਸਪੈਕਟਰ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਹੁਣ ਪੁਲਸ ਰਿਮਾਂਡ ’ਤੇ ਵਿਜੀਲੈਂਸ ਦੀ ਗ੍ਰਿਫ਼ਤ ’ਚ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Manoj

Content Editor

Related News