ਗੁਰੂ ਨਾਨਕ ਦੇਵ ਹਸਪਤਾਲ ''ਚ ਵਿਜੀਲੈਂਸ ਦਾ ਛਾਪਾ, ਅੰਡਰਗਰਾਊਂਡ ਹੋਏ ਡਾਕਟਰ

Wednesday, Feb 07, 2018 - 07:10 AM (IST)

ਗੁਰੂ ਨਾਨਕ ਦੇਵ ਹਸਪਤਾਲ ''ਚ ਵਿਜੀਲੈਂਸ ਦਾ ਛਾਪਾ, ਅੰਡਰਗਰਾਊਂਡ ਹੋਏ ਡਾਕਟਰ

ਅੰਮ੍ਰਿਤਸਰ,   (ਦਲਜੀਤ)-  ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ 'ਚ ਵਿਜੀਲੈਂਸ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਬਲੱਡ ਬੈਂਕ, ਆਰਥੋ ਵਾਰਡਾਂ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਜਿਥੇ ਵੱਡੇ ਪੱਧਰ 'ਤੇ ਊਣਤਾਈਆਂ ਪਾਈਆਂ ਗਈਆਂ, ਉਥੇ ਹੀ ਵਿਜੀਲੈਂਸ ਵੱਲੋਂ ਬਲੱਡ ਬੈਂਕ ਸਮੇਤ ਹੋਰ ਵਿਭਾਗਾਂ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਛਾਪੇਮਾਰੀ ਦੌਰਾਨ ਹਸਪਤਾਲ ਦੇ ਕਈ ਸੀਨੀਅਰ ਡਾਕਟਰ ਅੰਡਰਗਰਾਊਂਡ ਹੋ ਗਏ। ਜਾਂਚ 'ਚ ਕਈ ਤਰ੍ਹਾਂ ਦੇ ਹੈਰਾਨੀਜਨਕ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਪਿਛਲੇ 2 ਮਹੀਨਿਆਂ 'ਚ ਗੁਰਜੀਤ ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਤੀਸਰੀ ਵਾਰ ਅਚਨਚੇਤ ਚੈਕਿੰਗ ਕੀਤੀ ਗਈ ਹੈ। ਔਜਲਾ ਵੱਲੋਂ ਪਹਿਲੀਆਂ 2 ਚੈਕਿੰਗਾਂ ਦੌਰਾਨ ਊਣਤਾਈਆਂ ਪਾਈਆਂ ਜਾਣ 'ਤੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਸੰਸਦ ਮੈਂਬਰ ਨੂੰ ਲੋਕਾਂ ਵੱਲੋਂ ਬਲੱਡ ਬੈਂਕ, ਆਰਥੋ ਵਿਭਾਗ, ਫੋਰੈਂਸਿਕ ਵਿਭਾਗ ਆਦਿ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਮੀਡੀਆ ਵਿਚ ਵੀ ਇਸ ਸਬੰਧੀ ਰੋਜ਼ਾਨਾ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਸਨ। ਸੰਸਦ ਮੈਂਬਰ ਨਾਲ ਅੱਜ ਦੀ ਛਾਪੇਮਾਰੀ ਦੌਰਾਨ ਵਿਜੀਲੈਂਸ ਦੇ ਐੱਸ. ਐੱਸ. ਪੀ. ਆਰ. ਕੇ. ਬਖਸ਼ੀ ਵੀ ਮੌਜੂਦ ਸਨ। ਹਰ ਵਿਭਾਗ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਮਹੱਤਵਪੂਰਨ ਰਿਕਾਰਡ ਕਬਜ਼ੇ ਵਿਚ ਲੈ ਲਿਆ ਗਿਆ।  ਔਜਲਾ ਨੇ ਵਿਜੀਲੈਂਸ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਬਾਰੀਕੀ ਨਾਲ ਜਾਂਚ ਕਰ ਕੇ ਮਰੀਜ਼ਾਂ ਦਾ ਸ਼ੋਸ਼ਣ ਕਰਨ ਵਾਲੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਦੋਸ਼ੀ ਪਾਏ ਜਾਣ 'ਤੇ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ। ਬਲੱਡ ਬੈਂਕ 'ਚ ਕੰਮ ਕਰਨ ਵਾਲੇ ਮੁਲਾਜ਼ਮ ਰਵੀ ਮਹਾਜਨ ਦੀ ਬੋਲ-ਬਾਣੀ ਮਾੜੀ ਹੋਣ ਸਬੰਧੀ ਵੀ ਔਜਲਾ ਨੂੰ ਲੋਕਾਂ ਨੇ ਸ਼ਿਕਾਇਤ ਕੀਤੀ, ਜਿਸ 'ਤੇ ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇਜਬੀਰ ਸਿੰਘ ਨੂੰ ਇਸ ਸਬੰਧੀ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਫੋਰੈਂਸਿਕ ਵਿਭਾਗ ਦਾ ਰਿਕਾਰਡ ਵੀ ਕਬਜ਼ੇ ਵਿਚ ਲੈਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ।
ਭਗਤ ਪੂਰਨ ਸਿੰਘ ਸਕੀਮ ਤਹਿਤ ਮਰੀਜ਼ਾਂ ਕੋਲੋਂ ਲਏ ਜਾ ਰਹੇ ਸਨ ਪੈਸੇ
ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਮੁਫਤ ਕਰਨ ਦੀ ਵਿਵਸਥਾ ਹੈ ਪਰ ਫਿਰ ਵੀ ਹਸਪਤਾਲ ਵਿਚ ਸਥਿਤ 'ਹਾਸਪਿਟਲ ਮੈਡੀਕਲ ਸਟੋਰ' ਵਾਲੇ ਪੈਸੇ ਲੈ ਕੇ ਮਰੀਜ਼ਾਂ ਨੂੰ ਦਵਾਈ ਦੇ ਰਹੇ ਹਨ। ਔਜਲਾ ਨੇ ਇਸ ਸਬੰਧੀ ਮੈਡੀਕਲ ਸਟੋਰ ਦਾ ਦੌਰਾ ਵੀ ਕੀਤਾ ਤੇ ਦੱਸਿਆ ਕਿ ਹਸਪਤਾਲ ਦੇ ਨਾਂ 'ਤੇ ਰੱਖੇ ਗਏ ਮੈਡੀਕਲ ਸਟੋਰ ਵਾਲੇ ਮਰੀਜ਼ਾਂ ਨੂੰ ਨਾਂ ਦੇ ਸਹਾਰੇ ਗੁੰਮਰਾਹ ਕਰ ਰਹੇ ਹਨ। ਸਟੋਰ 'ਤੇ ਹੀ ਹਸਪਤਾਲ ਵੱਲੋਂ ਭਗਤ ਪੂਰਨ ਸਕੀਮ ਤਹਿਤ ਮਰੀਜ਼ਾਂ ਨੂੰ ਦਵਾਈ ਲੈਣ ਲਈ ਚੁਣਿਆ ਗਿਆ ਹੈ ਪਰ ਇਹ ਸਟੋਰ ਵਾਲੇ ਮੁਫਤ ਮਿਲਣ ਵਾਲੀ ਦਵਾਈ ਵੀ ਪੈਸੇ ਲੈ ਕੇ ਦੇ ਰਹੇ ਹਨ। ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਹੁਕਮ ਦੇ ਕੇ ਤੁਰੰਤ ਮੈਡੀਕਲ ਸਟੋਰ ਦਾ ਨਾਂ ਤਬਦੀਲ ਕਰਨ ਨੂੰ ਕਿਹਾ ਗਿਆ ਹੈ।
ਸੇਵਾ ਭਾਰਤੀ ਦਾ ਸਟੋਰ ਨਹੀਂ ਹੋਵੇਗਾ ਬੰਦ
ਹਸਪਤਾਲ ਦੀ ਐਮਰਜੈਂਸੀ ਵਿਚ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਮੁਫਤ ਦਵਾਈ ਦੇਣ ਲਈ ਦਾਨੀ ਸੱਜਣਾਂ ਵੱਲੋਂ ਚਲਾਇਆ ਜਾ ਰਿਹਾ ਸੇਵਾ ਭਾਰਤੀ ਦਾ ਸਟੋਰ ਹਸਪਤਾਲ ਪ੍ਰਸ਼ਾਸਨ ਬੰਦ ਕਰਨ 'ਤੇ ਤੁਲਿਆ ਹੋਇਆ ਸੀ ਪਰ ਜਦੋਂ ਔਜਲਾ ਨੂੰ ਇਸ ਮਾਮਲੇ ਦੀ ਭਣਕ ਲੱਗੀ ਤਾਂ ਉਨ੍ਹਾਂ ਸਟੋਰ ਦੇ ਆਗੂਆਂ ਨਾਲ ਗੱਲ ਕੀਤੀ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਟੋਰ ਨੂੰ ਬੰਦ ਨਾ ਕੀਤਾ ਜਾਵੇ ਬਲਕਿ ਇਸ ਨੂੰ ਵੱਖਰੇ ਤੌਰ 'ਤੇ ਕਮਰਾ ਦੇ ਕੇ ਚਾਲੂ ਰੱਖਿਆ ਜਾਵੇ, ਮਰੀਜ਼ਾਂ ਨੂੰ ਇਸ ਦਾ ਵਧੇਰੇ ਲਾਭ ਮਿਲ ਰਿਹਾ ਹੈ।
ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਹੀਂ ਮਿਲ ਰਿਹਾ ਖੂਨ
ਸੰਸਦ ਮੈਂਬਰ ਦੀ ਅਗਵਾਈ 'ਚ ਟੀਮ ਨੇ ਜਦੋਂ ਥੈਲੇਸੀਮੀਆ ਦੇ ਦਾਖਲ ਮਰੀਜ਼ਾਂ ਦੇ ਵਾਰਡ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕਈ ਮਰੀਜ਼ਾਂ ਨੂੰ ਖੂਨ ਨਾ ਮਿਲਣ ਕਾਰਨ ਉਨ੍ਹਾਂ ਦਾ ਹਾਲ-ਬੇਹਾਲ ਸੀ। ਔਜਲਾ ਨੇ ਦੱਸਿਆ ਕਿ ਥੈਲੇਸੀਮੀਆ ਦੇ ਮਰੀਜ਼ ਵੀ ਖੂਨ ਲਈ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਮਝ ਤੋਂ ਬਾਹਰ ਹੈ ਕਿ ਇੰਨਾ ਖੂਨ ਬਲੱਡ ਬੈਂਕ ਵਿਚ ਆਉਣ 'ਤੇ ਵੀ ਥੈਲੇਸੀਮੀਆ ਦੀ ਗੰਭੀਰ ਬੀਮਾਰੀ ਵਾਲੇ ਮਰੀਜ਼ਾਂ ਨੂੰ ਨਹੀਂ ਮਿਲ ਰਿਹਾ। ਮਾਮਲੇ ਦੀ ਜਾਂਚ ਕਰਵਾ ਕੇ ਡੂੰਘਾਈ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕਾਰਵਾਈ ਲਈ ਮੰਤਰੀ ਨੂੰ ਲਿਖਿਆ ਜਾਵੇਗਾ
ਔਜਲਾ ਨੇ ਕਿਹਾ ਕਿ 2 ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਪਰ ਇਸ ਵਾਰ ਊਣਤਾਈਆਂ ਵਾਲੇ ਸਬੰਧਤ ਡਾਕਟਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨਾਲ ਉਨ੍ਹਾਂ ਦੀ ਪਹਿਲਾਂ ਵੀ ਇਸ ਸਬੰਧੀ ਮੀਟਿੰਗ ਹੋਈ ਹੈ, ਜਿਸ ਵਿਚ ਉਨ੍ਹਾਂ ਸਿਹਤ ਸਹੂਲਤਾਂ ਵਿਚ ਢਿੱਲਮੱਠ ਕਰਨ ਵਾਲੇ ਡਾਕਟਰਾਂ ਤੇ ਮੁਲਾਜ਼ਮਾਂ ਖਿਲਾਫ ਰਿਪੋਰਟ ਬਣਾਉਣ ਲਈ ਕਿਹਾ ਸੀ। ਅੱਜ ਦੀ ਚੈਕਿੰਗ ਦੀ ਉਹ ਰਿਪੋਰਟ ਬਣਾ ਕੇ ਮੰਤਰੀ ਨੂੰ ਕਾਰਵਾਈ ਲਈ ਭੇਜਣਗੇ। ਔਜਲਾ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਨੁਮਾਇੰਦੇ ਹਨ ਅਤੇ ਲੋਕਾਂ ਵਿਚ ਰਹਿ ਕੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਮਰੀਜ਼ਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਚੈਕਿੰਗ ਤੋਂ ਨਾਰਾਜ਼ ਡਾ. ਰਾਜੀਵ ਅਰੋੜਾ ਉਲਝੇ ਮੀਡੀਆ ਨਾਲ
ਦਿਲ ਦੇ ਰੋਗਾਂ ਦੇ ਵਾਰਡ ਦੇ ਇੰਚਾਰਜ ਡਾ. ਰਾਜੀਵ ਅਰੋੜਾ ਸੰਸਦ ਮੈਂਬਰ ਅਤੇ ਵਿਜੀਲੈਂਸ ਦੀ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਾਫੀ ਨਾਰਾਜ਼ ਸਨ। ਵਾਰਡ ਵਿਚ ਮੀਡੀਆ ਕਰਮਚਾਰੀਆਂ ਵੱਲੋਂ ਸੰਸਦ ਮੈਂਬਰ ਨੂੰ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਜਦੋਂ ਨਿਰੀਖਣ ਟੀਮ ਬਾਹਰ ਚਲੀ ਗਈ ਤਾਂ ਉਹ ਵਾਰਡ ਅੰਦਰ ਖੜ੍ਹੇ ਮੀਡੀਆ ਕਰਮਚਾਰੀਆਂ ਨਾਲ ਉਲਝ ਗਏ। ਉਨ੍ਹਾਂ ਮੀਡੀਆ ਕਰਮਚਾਰੀਆਂ ਨੂੰ ਕਾਫੀ ਬੁਰਾ-ਭਲਾ ਕਿਹਾ।
ਜ਼ਿਕਰਯੋਗ ਹੈ ਕਿ ਡਾ. ਅਰੋੜਾ ਤੇ ਮਰੀਜ਼ਾਂ ਤੋਂ ਪੈਸੇ ਲੈ ਕੇ ਇਲਾਜ ਕਰਨ ਦੇ ਕਈ ਗੰਭੀਰ ਦੋਸ਼ ਲੱਗੇ ਸਨ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਮਰੀਜ਼ਾਂ ਤੋਂ ਲਏ ਪੈਸੇ ਵੀ ਅਖਬਾਰਾਂ 'ਚ ਖਬਰਾਂ ਆਉਣ ਤੋਂ ਬਾਅਦ ਵਾਪਸ ਕੀਤੇ ਸਨ।


Related News