ਵਿਜੀਲੈਂਸ ਨੇ ਕਮਰਿਆਂ ਦੀਆਂ ਸੀਲਾਂ ਖੋਲ੍ਹ ਕੇ ਖੰਗਾਲਿਆ ਰਿਕਾਰਡ

Tuesday, Jan 02, 2018 - 07:35 AM (IST)

ਵਿਜੀਲੈਂਸ ਨੇ ਕਮਰਿਆਂ ਦੀਆਂ ਸੀਲਾਂ ਖੋਲ੍ਹ ਕੇ ਖੰਗਾਲਿਆ ਰਿਕਾਰਡ

ਜਲੰਧਰ, (ਅਮਿਤ)– ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਦੇ ਬਾਅਦ ਸੋਮਵਾਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਆਰ. ਟੀ. ਏ. ਦਫਤਰ ਅਤੇ ਆਧੁਨਿਕ ਡਰਾਈਵਿੰਗ ਟੈਸਟ ਟ੍ਰੈਕ 'ਤੇ ਆਪਣੀ ਜਾਂਚ ਨਵੇਂ ਸਿਰਿਓਂ ਸ਼ੁਰੂ ਕਰ ਦਿੱਤੀ ਗਈ। ਵਿਭਾਗ ਵੱਲਂੋ ਸੀਲ ਕੀਤੇ ਗਏ ਕਮਰਿਆਂ ਨੂੰ ਸਬੰਧਿਤ ਕਰਮਚਾਰੀਆਂ ਦੀ ਮੌਜੂਦਗੀ ਵਿਚ ਖੋਲ੍ਹਿਆ ਗਿਆ ਅਤੇ ਵਿਭਾਗ ਨੇ ਰਿਕਾਰਡ ਨੂੰ ਖੰਗਾਲਿਆ। ਧਿਆਨ ਰਹੇ ਕਿ 29 ਦਸੰਬਰ ਨੂੰ ਵਿਭਾਗ ਵੱਲੋਂ ਡਰਾਈਵਿੰਗ ਲਾਇਸੈਂਸ, ਆਰ. ਸੀ. ਬਣਾਉਣ ਅਤੇ ਡਰਾਈਵਿੰਗ ਟੈਸਟ ਲੈਣ ਵਾਲੀਆਂ ਵੱਖ-ਵੱਖ ਥਾਵਾਂ 'ਤੇ ਇਕੋ ਵਾਰ ਰੇਡ ਕੀਤੀ ਗਈ ਸੀ ਅਤੇ ਇਸ ਦੌਰਾਨ 2 ਕਮਰੇ, 6 ਕੰਪਿਊਟਰ, 6 ਪਿੰ੍ਰਟਰਾਂ ਸਮੇਤ ਕਈ ਦਸਤਾਵੇਜ਼ ਸੀਲ ਕੀਤੇ ਗਏ ਸਨ। ਹਾਲਾਂਕਿ ਵਿਭਾਗ ਨੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਗੱਲ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਹੈ ਕਿ ਕਿਹੜੇ ਰਿਕਾਰਡ ਦੀ ਜਾਂਚ ਹੋ ਰਹੀ ਹੈ ਅਤੇ ਕਿਸ ਕਰਮਚਾਰੀ ਖਿਲਾਫ ਪੁਖਤਾ ਸਬੂਤ ਮਿਲ ਚੁੱਕੇ ਹਨ ਪਰ ਇੰਨਾ ਤੈਅ ਹੈ ਕਿ ਵਿਭਾਗ ਦੇ ਹੱਥ ਕੁੱਝ ਠੋਸ ਜਾਣਕਾਰੀ ਆਈ ਹੈ, ਜਿਸਦੇ ਆਧਾਰ 'ਤੇ ਕਰਮਚਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵਿਭਾਗ ਵੱਲੋਂ ਕੋਈ ਵੱਡਾ ਧਮਾਕਾ ਕੀਤਾ ਜਾ ਸਕਦਾ ਹੈ।
ਜਾਂਚ ਜਾਰੀ, ਪੂਰੀ ਹੋਣ 'ਚ ਲੱਗੇਗਾ ਥੋੜ੍ਹਾ ਸਮਾਂ : ਸਤਪਾਲ ਚੌਧਰੀ
ਡੀ. ਐੱਸ. ਪੀ. ਵਿਜੀਲੈਂਸ ਸਤਪਾਲ ਚੌਧਰੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਮੁਲਾਕਾਤ ਵਿਚ ਦੱਸਿਆ ਕਿ ਉਨ੍ਹਾਂ ਦਿਨ ਭਰ ਚੱਲੀ ਜਾਂਚ ਦੌਰਾਨ ਕਾਫੀ ਰਿਕਾਰਡ ਨੂੰ ਸੀਲ ਕੀਤਾ ਸੀ। ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਨਵੀਂ ਆਰ. ਸੀ. ਟ੍ਰਾਂਸਫਰ, ਆਰ. ਸੀ. ਪਰਮਿਟਾਂ, ਪੁਰਾਣੇ ਨੰਬਰਾਂ ਨੂੰ ਸੇਲ ਕਰਨ ਬਾਰੇ ਅਤੇ ਟਰੈਕ 'ਤੇ ਚੱਲ ਰਹੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਸਾਰਾ ਰਿਕਾਰਡ ਜ਼ਬਤ ਕੀਤਾ ਗਿਆ ਸੀ। ਨਿੱਜੀ ਕੰਪਨੀ ਦਾ ਕੁੱਝ ਸਟਾਫ ਨਵੇਂ ਸਾਲ ਕਾਰਨ ਅੱਜ ਨਹੀਂ ਆਇਆ ਸੀ, ਜਿਸ ਕਾਰਨ ਉਨ੍ਹਾਂ ਕੋਲੋਂ ਪੁੱਛਗਿੱਛ ਨਹੀਂ ਹੋ ਸਕੀ ਹੈ। ਜਿਵੇਂ ਹੀ ਸਟਾਫ ਆਉਂਦਾ ਹੈ, ਜਾਂਚ ਅੱਗੇ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਇਸ ਨੂੰ ਪੂਰਾ ਹੋਣ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ।


Related News