ਵਿਜੀਲੈਂਸ ਬਿਊਰੋ ਵੱਲੋਂ ਇੰਤਕਾਲ ਸਬੰਧੀ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਪਟਵਾਰੀ ਕਾਬੂ

Thursday, Jun 15, 2023 - 03:25 PM (IST)

ਵਿਜੀਲੈਂਸ ਬਿਊਰੋ ਵੱਲੋਂ ਇੰਤਕਾਲ ਸਬੰਧੀ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਪਟਵਾਰੀ ਕਾਬੂ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਲ 2016 ’ਚ 2500 ਰੁਪਏ ਰਿਸ਼ਵਤ ਲੈਣ ਅਤੇ ਇੰਤਕਾਲ ਦੀ ਜਮ੍ਹਾਂਬੰਦੀ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਸੇਵਾਮੁਕਤ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਪਟਵਾਰੀ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਮਾਲ ਹਲਕਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੇਵਾਮੁਕਤ ਪਟਵਾਰੀ ਇਕਬਾਲ ਸਿੰਘ ਨੂੰ ਰਾਜੇਸ਼ ਕੁਮਾਰ ਵਾਸੀ ਪੰਜੇ ਕੇ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਟਵਾਰੀ ਇਕਬਾਲ ਸਿੰਘ ਨੇ 4 ਮਰਲੇ ਦੇ ਪਲਾਟ, ਜਿਸ ਦੀ ਉਸ (ਸ਼ਿਕਾਇਤਕਰਤਾ) ਨੇ ਆਪਣੀ ਮਾਤਾ ਕ੍ਰਿਪਾ ਰਾਣੀ ਪਾਸੋਂ ਟਰਾਂਸਫਰ ਡੀਡ ਰਾਹੀਂ ਰਜਿਸਟਰੀ ਕਰਵਾਈ ਸੀ, ਦਾ ਇੰਤਕਾਲ ਦਰਜ ਕਰਵਾਉਣ ਬਦਲੇ 2500 ਰੁਪਏ ਰਿਸ਼ਵਤ ਲਈ ਸੀ।  

ਇਹ ਵੀ ਪੜ੍ਹੋ : ਗੈਂਗਸਟਰਾਂ ਤੇ ਮੁਲਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ : ਚੁਘ

ਜਦੋਂ ਸ਼ਿਕਾਇਤਕਰਤਾ ਨੇ ਉਕਤ ਪਲਾਟ ’ਤੇ ਇਕ ਬੈਂਕ ਤੋਂ ਕਰਜ਼ਾ ਲੈਣ ਲਈ ਜਮ੍ਹਾਂਬੰਦੀ ਦੀ ਕਾਪੀ ਦਿੱਤੀ ਤਾਂ ਉਸ ਨੂੰ ਬੈਂਕ ਅਧਿਕਾਰੀਆਂ ਤੋਂ ਪਤਾ ਲੱਗਾ ਕਿ ਪਲਾਟ ਦੇ ਦਸਤਾਵੇਜ਼ ਜਾਅਲੀ ਹਨ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਹ ਦਸਤਾਵੇਜ਼ ਮੋਹਾਲੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਪੜਤਾਲ ਲਈ ਭੇਜੇ ਤਾਂ ਪਤਾ ਲੱਗਾ ਕਿ ਉਕਤ ਪਟਵਾਰੀ ਨੇ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੂੰ ਜਾਅਲੀ ‘ਨਕਲ ਦਸਤਾਵੇਜ਼’ ਜਾਰੀ ਕੀਤੇ ਸਨ। ਇਸ ਸਬੰਧੀ ਉਕਤ ਪਟਵਾਰੀ ਖ਼ਿਲਾਫ਼ ਥਾਣਾ ਵਿਜੀਲੈਂਸ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਫਾਇਨਾਂਸ ਕੰਪਨੀਆਂ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, 10 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News