ਵਿਜੀਲੈਂਸ ਨੇ ਥਾਣੇਦਾਰ ਨੂੰ 4500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ

Friday, Jan 08, 2021 - 02:49 PM (IST)

ਨਵਾਂਸ਼ਹਿਰ (ਮਨੋਰੰਜਨ) : ਵਿਜੀਲੈਂਸ ਵਿਭਾਗ ਨਵਾਂਸ਼ਹਿਰ ਦੀ ਟੀਮ ਨੇ ਰਾਹੋਂ ’ਚ ਪੀ. ਸੀ. ਆਰ. ਟੀਮ ਵਿਚ ਤਾਇਨਾਤ ਇਕ ਏ. ਐੱਸ. ਆਈ. ਨੂੰ 4500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਹੈ। ਵਿਜੀਲੈਂਸ ਨੇ ਮੁਲਜ਼ਮ ਥਾਣੇਦਾਰ ਖ਼ਿਲਾਫ਼ ਰਿਸ਼ਵਤ ਰੋਕੋ ਕਾਨੂੰਨ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਹਲੋਂ ਨਿਵਾਸੀ ਬਲਵਿੰਦਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਪਿੰਡ ਦੇ ਕੋਲ ਸੜਕ ’ਤੇ ਆਪਣੀ ਗੱਡੀ ਵਿਚ ਬੈਠਾ ਸੀ। ਇਸੇ ਵਿਚ ਕਥਿਤ ਮੁਲਜ਼ਮ ਏ. ਐੱਸ. ਆਈ. ਹਰਜੀਤ ਸਿੰਘ ਉਥੇ ਆ ਪਹੁੰਚਿਆ ਅਤੇ ਉਸ ਨੂੰ ਕਹਿਣ ਲੱਗਾ ਕਿ ਤੁਸੀਂ ਨਸ਼ਾ ਕਰਦੇ ਹੋ ਅਤੇ ਤੁਹਾਡੀ ਗੱਡੀ ਵਿਚ ਨਸ਼ਾ ਹੈ ਤੇ ਉਸ ਨੂੰ ਥਾਣੇ ਜਾਣ ਲਈ ਧਮਕਾਉਣ ਲੱਗਾ। ਬਲਵਿੰਦਰ ਸਿੰਘ ਦਾ ਦੋਸ਼ ਹੈ ਕਿ ਕੁਝ ਦੂਰੀ ’ਤੇ ਜਾ ਕੇ ਕਥਿਤ ਮੁਲਜ਼ਮ ਉਸ ਨੂੰ ਛੱਡਣ ਲਈ ਪੰਜ ਹਜ਼ਾਰ ਰੁਪਏ ਮੰਗ ਕਰਨ ਲੱਗਾ । ਜਦੋ ਉਸਨੇ ਕਿਹਾ ਕਿ ਉਸਦੇ ਕੋਲ ਇਸ ਸਮੇਂ ਪੈਸੇ ਨਹੀਂ ਹਨ ਤਾ ਉਹ ਉਸਦਾ ਮੋਬਾਇਲ ਫੋਨ ਲੈ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਪੰਜ ਹਜਾਰ ਰੁਪਏ ਦੇ ਦੇਣਾ ਤੇ ਆਪਣਾ ਮੋਬਾਇਲ ਫੋਨ ਲੈ ਜਾਣਾ।

ਬਲਵਿੰਦਰ ਸਿੰਘ ਦਾ ਦੋਸ਼ ਹੈ ਕਿ ਗੱਲ 4500 ਰੁਪਏ ਵਿਚ ਤੈਅ ਹੋ ਗਈ। ਕੱਲ ਮੁਲਜ਼ਮ ਥਾਣੇਦਾਰ ਛੁੱਟੀ ’ਤੇ ਸੀ। ਅੱਜ ਡੀ. ਐੱਸ. ਪੀ. ਸੁਖਵਿੰਦਰ ਨੇ ਇਕ ਟੀਮ ਦਾ ਗਠਨ ਕਰਕੇ ਦੋ ਸਰਕਾਰੀ ਗਵਾਹਾਂ ਨਾਲ ਰਾਹੋਂ ਵਿਚ ਟ੍ਰੈਪ ਲਗਾਇਆ। ਜਿਵੇਂ ਹੀ ਮੁਲਜ਼ਮ ਥਾਣੇਦਾਰ ਨੇ ਇਕ ਹੋਮਗਾਰਡ ਦੇ ਕਮਰੇ ਵਿਚ ਜਾ ਕੇ ਬਲਵਿੰਦਰ ਸਿੰਘ ਤੋ ਪੰਜ-ਪੰਜ ਸੌ ਦੇ 9 ਨੋਟ ਕੁਲ 4500 ਰੁਪਏ ਫੜੇ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਮੌਕੇ ’ਤੇ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ। ਇਸ ਮੌਕੇ ਸਰਕਾਰੀ ਗਵਾਹ ਬਿਜਲੀ ਬੋਰਡ ਦੇ ਇੰਜੀਨੀਅਰ ਅਰੁਣ ਸ਼ੇਖਰ ਤੇ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਵਿਜੇ ਮਹੇਸ਼ੀ ਮੌਜੂਦ ਸੀ।


Gurminder Singh

Content Editor

Related News