ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਨੇ ਸਹਾਇਕ ਲਾਈਨਮੈਨ ਨੂੰ ਕੀਤਾ ਗ੍ਰਿਫ਼ਤਾਰ
Monday, May 30, 2022 - 10:56 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਵਿਖੇ ਤਾਇਨਾਤ ਪੀ. ਐੱਸ. ਪੀ. ਸੀ. ਐੱਲ. ਦੇ ਇਕ ਸਹਾਇਕ ਲਾਈਨਮੈਨ (ਏ. ਐੱਲ. ਐੱਮ.) ਨੂੰ 75000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਦਫ਼ਤਰ ਪਿੰਡ ਬੜਿੰਗ, ਜਲੰਧਰ ਵਿਖੇ ਤਾਇਨਾਤ ਏ. ਐੱਲ. ਐੱਮ. ਅੰਮ੍ਰਿਤ ਲਾਲ ਮੋਦੀ ਨੂੰ ਬਲਵੀਰ ਕੌਰ ਵਾਸੀ ਪਿੰਡ ਤੱਲ੍ਹਣ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਵ੍ਹਟਸਐਪ ਨੰਬਰ ’ਤੇ ਆਪਣੀ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਉਕਤ ਲਾਈਨਮੈਨ ਪਹਿਲਾਂ ਹੀ ਉਸ ਦੇ ਘਰੇਲੂ ਬਿਜਲੀ ਬਿੱਲ ਦੇ ਨਿਪਟਾਰੇ ਲਈ ਤਿੰਨ ਕਿਸ਼ਤਾਂ ’ਚ 75000 ਰੁਪਏ ਲੈ ਚੁੱਕਾ ਹੈ ਪਰ ਉਸ ਦੇ ਬਿਜਲੀ ਬਿੱਲ ਦਾ ਨਿਪਟਾਰਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਸਵੇਰੇ 8.30 ਅਤੇ ਦੁਪਹਿਰ 12 ਵਜੇ ਹੋਵੇਗਾ ਅੰਤਿਮ ਸੰਸਕਾਰ
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਦੋਸ਼ੀ ਏ. ਐੱਲ. ਐੱਮ. ਨੇ ਉਸ ਨੂੰ ਰਿਸ਼ਵਤ ਦੀ ਰਕਮ ਵਾਪਸ ਕਰਨ ਲਈ 50000 ਰੁਪਏ ਦਾ ਚੈੱਕ ਵੀ ਦਿੱਤਾ ਸੀ ਪਰ ਬੈਂਕ ਵੱਲੋਂ ਇਹ ਚੈੱਕ ਰੱਦ ਕਰ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਦੋਸ਼ ਸਹੀ ਸਾਬਤ ਹੋਏ ਅਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਜਲੰਧਰ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਏ. ਐੱਲ. ਐੱਮ. ਨੂੰ ਭ੍ਰਿਸ਼ਟਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।