ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ASI ਗ੍ਰਿਫ਼ਤਾਰ

Thursday, May 25, 2023 - 08:02 PM (IST)

ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ASI ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਦੋ ਸਹਾਇਕ ਸਬ- ਇੰਸਪੈਕਟਰਾਂ (ਏ. ਐੱਸ. ਆਈ.) ਬਲਜਿੰਦਰ ਸਿੰਘ ਮੰਡ, ਇੰਚਾਰਜ ਪੁਲਸ ਚੌਕੀ, ਫੇਜ਼-6, ਐੱਸ. ਏ. ਐੱਸ. ਨਗਰ ਅਤੇ ਇਸੇ ਪੁਲਸ ਚੌਕੀ ਵਿਚ ਤਾਇਨਾਤ ਉਸ ਦੇ ਸਾਥੀ ਏ. ਐੱਸ. ਆਈ. ਕੁਲਦੀਪ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਸ ਕਰਮਚਾਰੀਆਂ ਨੂੰ ਰਵਿੰਦਰ ਕੁਮਾਰ ਵਾਸੀ ਮੁੰਡੀਆਂ ਕਲਾਂ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਚਲ ਦੀਆਂ ਪਹਾੜੀਆਂ (ਵੀਡੀਓ)

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੱਸਿਆ ਕਿ ਉਸ ਦੇ ਪਾਰਸ ਨਾਂ ਦੇ ਦੋਸਤ ਨੂੰ ਉਕਤ ਥਾਣਾ ਇੰਚਾਰਜ ਨੇ ਸ਼ਰਾਬ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵੇਂ ਪੁਲਸ ਮੁਲਾਜ਼ਮ ਅਦਾਲਤ ਤੋਂ ਪਾਰਸ, ਜਿਸ ਦਾ ਆਉਣ ਵਾਲੇ ਦਿਨਾਂ ਵਿਚ ਵਿਆਹ ਹੋਣਾ ਤੈਅ ਸੀ, ਦੀ ਜ਼ਮਾਨਤ ਕਰਾਉਣ ਵਿਚ ਮੱਦਦ ਕਰਨ ਬਦਲੇ ਪਹਿਲਾਂ ਹੀ ਵੱਖ-ਵੱਖ ਤਾਰੀਖ਼ਾਂ ’ਤੇ 45,000 ਰੁਪਏ ਲੈ ਚੁੱਕੇ ਹਨ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਹੁਣ ਇਸੇ ਸ਼ਰਾਬ ਦੇ ਮਾਮਲੇ ਵਿਚ ਪਾਰਸ ਦੇ ਨਾਲ ਉਸ ਦੇ ਇਕ ਹੋਰ ਦੋਸਤ ਹਰਮੀਤ ਸਿੰਘ ਨੂੰ ਬਤੌਰ ਸਹਿ-ਦੋਸ਼ੀ ਸ਼ਾਮਲ ਨਾ ਕਰਨ ਬਦਲੇ 50,000 ਰੁਪਏ ਹੋਰ ਮੰਗ ਰਹੇ ਹਨ।

ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹਾਈਕੋਰਟ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ

ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਉੱਡਣ ਦਸਤਾ-1, ਪੰਜਾਬ, ਐੱਸ. ਏ. ਐੱਸ. ਨਗਰ ਦੀ ਟੀਮ ਨੇ ਜਾਲ ਵਿਛਾਇਆ ਅਤੇ ਪੁਲਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਕੋਲੋਂ 25,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ। ਇਸ ਦੇ ਨਾਲ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਅਤੇ ਬਲਜਿੰਦਰ ਸਿੰਘ ਮੰਡ ਦੇ ਸਾਥੀ ਕਰਮਚਾਰੀ ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਵੀ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉੱਡਣ ਦਸਤਾ -1, ਐੱਸ.ਏ.ਐੱਸ. ਨਗਰ ਵਿਖੇ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 


author

Manoj

Content Editor

Related News