ਵਿਧਾਨ ਸਭਾ ਸੈਸ਼ਨ ਦੀਆਂ ਬੈਠਕਾਂ ਦੀ ਗਿਣਤੀ ਘੱਟੋ-ਘੱਟ 20 ਕੀਤੀ ਜਾਵੇ
Thursday, Mar 15, 2018 - 07:09 AM (IST)

ਚੰਡੀਗੜ੍ਹ (ਬਿਊਰੋ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ 20 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੂਬੇ ਦੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ ਸਿਰਫ਼ 9 ਬੈਠਕਾਂ ਹੀ ਰੱਖੀਆਂ ਜਾਣ 'ਤੇ ਇਤਰਾਜ਼ ਪ੍ਰਗਟ ਕਰਦਿਆਂ ਘੱਟੋ-ਘੱਟ 20 ਬੈਠਕਾਂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਮੈਂ ਆਪ ਦੇ ਧਿਅਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਵਿਧਾਨ ਸਭਾ ਦੀਆਂ ਬੈਠਕਾਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ, ਜਿਸ ਕਾਰਨ ਮਾਣਯੋਗ ਮੈਂਬਰਾਂ ਨੂੰ ਸਦਨ ਵਿਚ ਆਪਣੇ ਵਿਚਾਰ ਪ੍ਰਗਟ ਕਰਨ ਲਈ ਬਹੁਤ ਹੀ ਘੱਟ ਸਮਾਂ ਮਿਲਦਾ ਹੈ ਅਤੇ ਲੋਕ ਹਿੱਤ ਦੇ ਮਸਲੇ ਅੱਖੋਂ-ਪਰੋਖੇ ਰਹਿ ਜਾਂਦੇ ਹਨ। ਜੇਕਰ ਸੰਨ 1952 ਤੋਂ ਲੈ ਕੇ ਸੰਨ 1977 ਤੱਕ ਵਿਧਾਨ ਸਭਾ ਦੀਆਂ ਬੈਠਕਾਂ ਦੀ ਗਿਣਤੀ ਵੇਖੀ ਜਾਵੇ ਤਾਂ ਮੌਜੂਦਾ ਸਮੇਂ ਦੀਆਂ ਬੈਠਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਸੀ, ਜੋ ਕਿ ਸਾਲ 'ਚ 53 ਬੈਠਕਾਂ ਤੱਕ ਰਹੀ ਹੈ।
ਨਿਯਮਾਂ ਮੁਤਾਬਿਕ ਸਾਲ ਵਿਚ ਘੱਟੋ-ਘੱਟ 40 ਬੈਠਕਾਂ ਹੋਣੀਆਂ ਜ਼ਰੂਰੀ ਹਨ ਪਰ ਬਜਟ ਸੈਸ਼ਨ ਦੀਆਂ ਸਿਰਫ਼ 9 ਬੈਠਕਾਂ ਰੱਖਣਾ ਲੋਕਤੰਤਰੀ ਨਿਯਮਾਂ ਦੇ ਬਿਲਕੁਲ ਉਲਟ ਹੈ ਜਦਕਿ ਬਜਟ 'ਤੇ ਬਹਿਸ ਲਈ ਘੱਟੋ-ਘੱਟ ਇਕ ਹਫ਼ਤੇ ਦਾ ਸਮਾਂ ਚਾਹੀਦਾ ਹੈ, ਜੋ ਕਿ ਸਿਰਫ਼ ਇਸ ਵਾਰ ਦੋ ਦਿਨ ਕਰ ਦਿੱਤਾ ਗਿਆ ਹੈ। ਬੈਠਕਾਂ ਦੀ ਗਿਣਤੀ ਵਧਾਉਣ ਸਬੰਧੀ ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਸਦਨ ਕੋਲ ਕੋਈ ਕੰਮ ਨਹੀਂ ਹੈ। ਇਸ ਲਈ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਗੰਭੀਰ ਮੁੱਦੇ ਉਪਰ ਇਕ ਜਾਂ ਦੋ ਦਿਨ ਚਰਚਾ ਕੀਤੀ ਜਾਣੀ ਚਾਹੀਦੀ ਹੈ। ਬੇਰੁਜ਼ਗਾਰੀ ਤੋਂ ਇਲਾਵਾ ਨਾਜਾਇਜ਼ ਮਾਈਨਿੰਗ ਸਮੇਤ ਹੋਰ ਵੀ ਬਹੁਤ ਭਖਵੇਂ ਮੁੱਦੇ ਹਨ, ਜਿਨ੍ਹਾਂ 'ਤੇ ਚਰਚਾ ਲਈ ਵਧੇਰੇ ਸਮੇਂ ਦੀ ਲੋੜ ਹੈ।