ਸਹਿਗਲ ਗਰੁੱਪ ਦੀ ਨਿਕਲੀ ਫੜੀਆਂ ਗਈਆਂ 20 ਪੇਟੀਆਂ ਸ਼ਰਾਬ, ਠੋਕਿਆ ਗਿਆ 5 ਲੱਖ ਜੁਰਮਾਨਾ
Saturday, Jul 19, 2025 - 11:40 AM (IST)

ਜਲੰਧਰ (ਪੁਨੀਤ)–‘ਸਮੱਗਲਿੰਗ’ ਵਿਚ ਫੜੀ ਗਈ 20 ਪੇਟੀਆਂ ਸ਼ਰਾਬ ਸਹਿਗਲ ਗਰੁੱਪ ਨਾਲ ਸਬੰਧਤ ਦੱਸੀ ਗਈ ਹੈ। ਇਸ ਕਾਰਨ ਐਕਸਾਈਜ਼ ਵਿਭਾਗ ਵੱਲੋਂ ਸਹਿਗਲ ਗਰੁੱਪ ਨੂੰ 5 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ ਅਤੇ ਇਕ ਦਿਨ ਲਈ ਠੇਕਿਆਂ ਨੂੰ ਸੀਲ ਵੀ ਕਰਵਾਇਆ ਗਿਆ। ਸ਼ਰਾਬ ਸਮੱਗਲਿੰਗ ਨੂੰ ਲੈ ਕੇ ਬੀਤੇ ਦਿਨੀਂ ਰਾਮਾ ਮੰਡੀ ਵਿਚ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਹੋਈ ਜਾਂਚ ਉਪਰੰਤ ਸਮੱਗਲਿੰਗ ਦੀ ਖੇਡ ਤੋਂ ਪਰਦਾ ਉੱਠਿਆ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਹਲਚਲ! 2 ਦਰਜਨ ਆਗੂਆਂ ਨੇ ਦਿੱਤੇ ਪਾਰਟੀ ਤੋਂ ਅਸਤੀਫ਼ੇ
ਪੂਰਾ ਮਾਮਲਾ ਕਿਊ. ਆਰ. ਕੋਡ ਨੂੰ ਸਕੈਨ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਨਾਲ ਪਤਾ ਲੱਗਾ ਕਿ ਸਮੱਗਲਰ ਕੋਲੋਂ ਫੜੀ ਗਈ 20 ਪੇਟੀਆਂ ਸ਼ਰਾਬ ਸਹਿਗਲ ਗਰੁੱਪ ਦੇ ਰੇਲਵੇ ਸਟੇਸ਼ਨ ਗਰੁੱਪ ਨੂੰ ਅਲਾਟ ਕੀਤੀ ਗਈ ਸੀ। ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਸਹਿਗਲ ਗਰੁੱਪ ਦੇ ਰੇਲਵੇ ਸਟੇਸ਼ਨ ਗਰੁੱਪ ਦੇ ਸਾਰੇ 17 ਠੇਕਿਆਂ ਨੂੰ 2 ਦਿਨਾਂ ਲਈ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅਪੀਲ ’ਤੇ ਸੀਨੀਅਰ ਅਧਿਕਾਰੀਆਂ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਗਰੁੱਪ ਨੂੰ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਠੇਕੇ ਸੀਲ ਕਰਨ ਸਬੰਧੀ ਹੋਏ 2 ਦਿਨ ਦੇ ਹੁਕਮਾਂ ਨੂੰ ਇਕ ਦਿਨ ਬਾਅਦ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ।
ਐਕਸਾਈਜ਼ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਗਰੁੱਪ ਦੇ ਸਾਰੇ ਠੇਕਿਆਂ ਨੂੰ 17 ਤੋਂ 18 ਜੁਲਾਈ ਤਕ ਸੀਲ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਜੁਰਮਾਨਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ 18 ਜੁਲਾਈ ਨੂੰ ਠੇਕੇ ਖੋਲ੍ਹ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਦੌਰਾਨ ਲੰਮਾ ਪਿੰਡ ਚੌਕ ਵਿਚ ਸਵਿਫਟ ਕਾਰ ਵਿਚੋਂ ਕੁੱਲ 20 ਪੇਟੀਆਂ ਸ਼ਰਾਬ ਬਰਾਮਦ ਹੋਈ ਸੀ। ਸ਼ਿਕਾਇਤਕਰਤਾ ਐਕਸਾਈਜ਼ ਇੰਸ. ਈਸਟ ਸੁਮੰਤ ਮਾਹੀ ਦੇ ਬਿਆਨਾਂ ’ਤੇ ਕਮਿਸ਼ਨਰੇਟ ਜਲੰਧਰ ਦੇ ਥਾਣਾ ਰਾਮਾ ਮੰਡੀ ਵਿਚ ਐੱਫ ਆਈ. ਆਰ. ਨੰਬਰ 201 ਦਰਜ ਕੀਤੀ ਗਈ ਸੀ। ਦਿ ਪੰਜਾਬ ਐਕਸਾਈਜ਼ ਐਕਟ 9114 ਦੇ ਸੈਕਸ਼ਨ 61 ਤਹਿਤ ਗੌਤਮ ਨਗਰ ਨਿਵਾਸੀ ਸੰਜੀਵ ਕੁਮਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਨਸ਼ਾ ਸਮੱਗਲਿੰਗ ਦੇ ਵੱਡੇ 'ਜਰਨੈਲਾਂ' ਨਾਲ ਕੋਈ ਰਹਿਮ ਨਹੀਂ : ਮੁੱਖ ਮੰਤਰੀ ਭਗਵੰਤ ਮਾਨ
ਕੁੱਲ੍ਹ 20 ਪੇਟੀਆਂ ਵਿਚੋਂ 10 ਪੇਟੀਆਂ ਪੰਜਾਬ ਕਿੰਗ (ਪੰਜਾਬ ਵਿਚ ਵਿਕਰੀ ਵਾਲੀ) ਬਰਾਮਦ ਹੋਈ, ਜਿਸ ਵਿਚੋਂ 750 ਐੱਮ. ਐੱਲ. ਵਾਲੀ ਬੋਤਲ ਦੀਆਂ ਕੁੱਲ 20 ਬੋਤਲਾਂ ਨਿਕਲੀਆਂ, ਇਸੇ ਤਰ੍ਹਾਂ ਬਾਕੀ ਦੀਆਂ 10 ਪੇਟੀਆਂ ਵਿਚੋਂ ਵੀ ਪੰਜਾਬ ਕਿੰਗ ਸ਼ਰਾਬ ਬਰਾਮਦ ਹੋਈ ਪਰ ਇਨ੍ਹਾਂ ਵਿਚ ਸ਼ਰਾਬ ਦੇ ਪਊਏ (150 ਐੱਮ. ਐੱਲ. ਸ਼ਰਾਬ) ਬਰਾਮਦ ਹੋਏ। ਐੱਫ. ਆਈ. ਆਰ. ਦੇ ਮੁਤਾਬਕ ਕੁੱਲ 480 ਪਊਏ ਬਰਾਮਦ ਹੋਏ, ਜੋ ਕਿ 86400 ਐੱਮ. ਐੱਲ. ਸ਼ਰਾਬ ਬਣਦੀ ਹੈ, ਜਦੋਂ ਕਿ ਬੋਤਲ ਵਾਲੀਆਂ ਪੇਟੀਆਂ ਵਿਚੋਂ 90 ਹਜ਼ਾਰ ਐੱਮ. ਐੱਲ. ਸ਼ਰਾਬ ਨਿਕਲੀ। ਇਸ ਸਬੰਧ ਵਿਚ ਸਹਿਗਲ ਗਰੁੱਪ ਦਾ ਪੱਖ ਨਹੀਂ ਮਿਲ ਸਕਿਆ।
ਸ਼ਰਾਬ ਸਮੱਗਲਿੰਗ ’ਤੇ ਹੋਵੇਗੀ ਵੱਡੀ ਕਾਰਵਾਈ : ਡੀ. ਸੀ. ਐਕਸਾਈਜ਼ ਐੱਸ. ਕੇ. ਗਰਗ
ਡਿਪਟੀ ਕਮਿਸ਼ਨਰ ਐਕਸਾਈਜ਼ ਐੱਸ. ਕੇ. ਗਰਗ ਨੇ ਕਿਹਾ ਕਿ ਸਹਿਗਲ ਗਰੁੱਪ ਨੂੰ 5 ਲੱਖ ਰੁਪਏ ਜੁਰਮਾਨਾ ਕਰਦੇ ਹੋਏ ਇਕ ਦਿਨ ਲਈ ਠੇਕੇ ਸੀਲ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸ਼ਰਾਬ ਸਮੱਗਲਿੰਗ ਨੂੰ ਕਿਸੇ ਵੀ ਸੂਰਤ ਿਵਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ’ਤੇ ਭਵਿੱਖ ਵਿਚ ਵੀ ਵੱਡੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ ਠੱਪ, ਜਾਣੋ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e