ਵਿਧਾਨ ਸਭਾ ਸਦਨ ''ਚ ਸਪੀਕਰ ਦੀ ਕੁਰਸੀ ਪਿੱਛੇ ਬਾਬਾ ਸਾਹਿਬ ਦੀ ਤਸਵੀਰ ਲਾਉਣ ਦੀ ਮੰਗ

11/27/2019 12:33:47 AM

ਚੰਡੀਗੜ੍ਹ,(ਰਮਨਜੀਤ) : ਪੰਜਾਬ ਵਿਧਾਨ ਸਭਾ 'ਚ ਸੰਵਿਧਾਨ ਦਿਵਸ 'ਤੇ ਚਰਚਾ ਦੌਰਾਨ ਸਦਨ ਦੇ ਅੰਦਰ ਸਪੀਕਰ ਦੀ ਕੁਰਸੀ ਪਿੱਛੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਲਾਉਣ ਸਬੰਧੀ ਸਾਰੀਆਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ। ਸਪੀਕਰ ਨੇ ਇਸ 'ਤੇ ਕਿਹਾ ਕਿ ਉਹ ਸਦਨ ਦੇ ਮੁਖੀ ਨਾਲ ਇਸ ਸਬੰਧੀ ਜ਼ਰੂਰ ਗੱਲ ਕਰਨਗੇ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪ੍ਰਸਤਾਵ 'ਤੇ ਚਰਚਾ ਦੌਰਾਨ ਆਪਣੀ ਮੰਗ ਰੱਖਦਿਆਂ ਸਪੀਕਰ ਨੂੰ ਕਿਹਾ ਕਿ ਜਿਸ ਤਰ੍ਹਾਂ ਸਪੀਕਰ ਦੀ ਕੁਰਸੀ ਪਿੱਛੇ ਮਹਾਤਮਾ ਗਾਂਧੀ ਦੀ ਤਸਵੀਰ ਲੱਗੀ ਹੋਈ ਹੈ, ਠੀਕ ਉਸੇ ਤਰ੍ਹਾਂ ਹੀ ਦੂਜੇ ਪਾਸੇ ਬਾਬਾ ਭੀਮਰਾਓ ਅੰਬੇਡਕਰ ਦੀ ਤਸਵੀਰ ਵੀ ਲਾਈ ਜਾਣੀ ਚਾਹੀਦੀ ਹੈ। ਇਸ ਦਾ ਸੱਤਾ ਧਿਰ ਵਲੋਂ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵੀ ਸਮਰਥਨ ਕੀਤਾ। ਧਿਰ-ਵਿਰੋਧੀ ਧਿਰ ਦੇ ਹੋਰ ਵੀ ਕਈ ਵਿਧਾਇਕਾਂ ਵਲੋਂ ਇਸ ਦਾ ਸਮਰਥਨ ਕਰਨ 'ਤੇ ਸਪੀਕਰ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਉਹ ਲੀਡਰ ਆਫ਼ ਦਾ ਹਾਊਸ ਭਾਵ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧੀ ਜ਼ਰੂਰ ਗੱਲ ਕਰਨਗੇ ਤਾਂ ਕਿ ਬਾਬਾ ਸਾਹਿਬ ਦੀ ਤਸਵੀਰ ਲਾਈ ਜਾ ਸਕੇ।

'ਆਪ' ਵਿਧਾਇਕ ਸਰਬਜੀਤ ਕੌਰ ਮਾਣੂਕੇ ਵਲੋਂ ਸਕੂਲਾਂ 'ਚ ਬਾਬਾ ਸਾਹਿਬ ਦੀ ਫੋਟੋ ਜ਼ਰੂਰੀ ਲਾਏ ਜਾਣ ਦੀ ਮੰਗ 'ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਸਦਨ 'ਚ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ 'ਚ ਬਾਬਾ ਸਾਹਿਬ ਦੀ ਫੋਟੋ ਸਨਮਾਨ ਸਹਿਤ ਲੱਗੇਗੀ। ਉਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਅਤੇ ਪੰਜਾਬ ਪੁਨਰਗਠਨ ਵਾਲੇ ਕਾਨੂੰਨਾਂ 'ਚ ਗੈਰ-ਸੰਵਿਧਾਨਿਕ ਵਿਵਸਥਾਵਾਂ ਦਾ ਜ਼ਿਕਰ ਕਰਦਿਆਂ ਫਿਰ ਤੋਂ ਮੰਗ ਚੁੱਕੀ ਕਿ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਜਾਵੇ ਕਿ ਪ੍ਰੈਜੀਡੈਂਸ਼ੀਅਰ ਰੈਫਰੈਂਸ 'ਚ ਉਨ੍ਹਾਂ ਦੇ ਨੁਕਤੇ ਸ਼ਾਮਲ ਕੀਤੇ ਜਾਣ, ਜਿਸ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦਾ ਵਿਵਾਦ ਪੂਰੀ ਤਰ੍ਹਾਂ ਜੜ੍ਹੋਂ ਹੀ ਖਤਮ ਹੋ ਜਾਵੇਗਾ। ਉਥੇ ਹੀ ਉਨ੍ਹਾਂ ਨੇ ਸੰਵਿਧਾਨ ਦੇ ਦਾਇਰੇ 'ਚ ਰਹਿੰਦਿਆਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦੀ ਵੀ ਮੰਗ ਦੁਹਰਾਈ।


Related News