ਹਰਿਆਣਾ ''ਚ ਐਤਕੀਂ ''ਬਾਦਲਾਂ'' ਦੀ ਦਾਲ ਗਲਣੀ ਮੁਸ਼ਕਲ

09/20/2019 2:10:29 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚਲੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ 'ਚ ਅੱਗੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ 15 ਤੋਂ ਵੱਧ ਵਿਧਾਨ ਸਭਾ ਹਲਕਿਆਂ 'ਚ ਚੋਣ ਲੜਨ ਦੀ ਤਿਆਰੀ 'ਚ ਦੱਸੀ ਜਾ ਰਹੀ ਹੈ। ਇਸ ਕਾਰਜ ਲਈ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਕਸਰਤ ਕਰ ਰਿਹਾ ਹੈ। ਹਰਿਆਣੇ ਵਿਚਲੀ ਰਾਜ ਕਰਦੀ ਭਾਜਪਾ ਇਸ ਵਾਰ ਵੀ ਅਕਾਲੀ ਦਲ ਨੂੰ ਉਸ ਵੱਲੋਂ ਮੰਗੀਆਂ ਜਾ ਰਹੀਆਂ ਦਰਜਨ ਤੋਂ ਵੱਧ ਸੀਟਾਂ ਦੇਣ ਤੋਂ ਟਾਲਾ ਹੀ ਵੱਟਦੀ ਦਿਖਾਈ ਦੇ ਰਹੀ ਹੈ ਕਿਉਂਕਿ ਭਾਜਪਾ ਨੂੰ ਇਸ ਗੱਲ ਦਾ ਇਲਮ ਹੈ ਕਿ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਦੇ ਮਾੜੇ ਹਾਲਾਤ ਕਾਰਨ ਉਨ੍ਹਾਂ ਦੀ ਦੂਜੀ ਵਾਰ ਸਰਕਾਰ ਵੱਟ 'ਤੇ ਪਈ ਹੈ। ਇਸ ਲਈ ਉਹ ਅਕਾਲੀਆਂ ਪ੍ਰਤੀ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੀ। ਹਰਿਆਣਾ ਚੋਣਾਂ ਸਬੰਧੀ ਸਿਆਸੀ ਮਾਹਰਾਂ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਜੇਕਰ ਭਾਜਪਾ ਨੇ ਹਰਿਆਣਾ 'ਚ ਅਕਾਲੀ ਦਲ ਨੂੰ 10 ਤੋਂ ਵੱਧ ਸੀਟਾਂ ਨਾ ਦਿੱਤੀਆਂ ਤਾਂ ਇਨ੍ਹਾਂ ਦਾ ਸਿਆਸੀ ਕਾਟੋ-ਕਲੇਸ਼ ਵੀ ਪੈ ਸਕਦਾ ਹੈ ਅਤੇ ਅਕਾਲੀ ਦਲ ਆਪਣੇ ਤੌਰ 'ਤੇ ਚੋਣ ਮੈਦਾਨ 'ਚ ਉਮੀਦਵਾਰ ਵੀ ਉਤਾਰ ਸਕਦਾ ਹੈ ਜਾਂ ਫਿਰ ਚੋਟਾਲਾ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਗੰਢ-ਤੁਪ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਅਕਾਲੀ ਦਲ ਨੂੰ ਟਿਕਟਾਂ ਦੇਣ ਦੀ ਭਾਜਪਾ ਦੀ ਨੀਅਤ ਦੇ ਦੀਦਾਰ ਹੋ ਜਾਣਗੇ ਅਤੇ ਜੋ ਪੰਜਾਬ 'ਚ ਇਸ ਗੱਲ ਦਾ ਰੌਲਾ ਪੈ ਰਿਹਾ ਹੈ ਕਿ ਭਾਜਪਾ 2022 'ਚ ਆਪਣੇ ਬਲਬੂਤੇ 'ਤੇ ਚੋਣ ਲੜੇਗੀ, ਉਹ ਗੱਲ ਸਚਾਈ ਵਾਲੇ ਪਾਸੇ ਚੱਲਦੀ ਨਜ਼ਰ ਆਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਵੱਡੇ ਇਮਤਿਹਾਨ ਦੀ ਘੜੀ ਹੈ ਕਿਉਂਕਿ ਉਹ ਭਾਜਪਾ ਦੇ ਹਰ ਫੈਸਲੇ 'ਤੇ ਫੁੱਲ ਚੜ੍ਹਾਉਂਦੇ ਹਨ ਪਰ ਇਸ ਫੈਸਲੇ ਸਬੰਧੀ ਦੇਖਣਾ ਹੋਵੇਗਾ ਕਿ ਉਹ ਫੁੱਲ ਚੜ੍ਹਾਉਂਦੇ ਹਨ ਜਾਂ ਭਾਜਪਾ ਲਈ ਕੰਡੇ ਬੀਜਦੇ ਹਨ।
 


Anuradha

Content Editor

Related News