ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲਾ, ਪੰਜਾਬ ਪੁਲਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇਕ ਫ਼ੌਜੀ ਨੂੰ ਕੀਤਾ ਗ੍ਰਿਫ਼ਤਾਰ

Saturday, Sep 24, 2022 - 08:43 PM (IST)

ਚੰਡੀਗੜ੍ਹ/ਐੱਸ. ਏ. ਐੱਸ. ਨਗਰ (ਬਿਊਰੋ) : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ’ਚ ਚੌਥੀ ਗ੍ਰਿਫ਼ਤਾਰੀ ਕਰਦਿਆਂ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ’ਚ ਤਾਇਨਾਤ ਇਕ ਫ਼ੌਜੀ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਜੀਵ ਸਿੰਘ ਵਜੋਂ ਹੋਈ ਹੈ, ਜਿਸ ’ਤੇ ਮੁਲਜ਼ਮ ਵਿਦਿਆਰਥਣ ਨੂੰ ਬਲੈਕਮੇਲ ਕਰਨ ਦਾ ਸ਼ੱਕ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਅਤੇ ਮਹਿਲਾ ਮਾਮਲਿਆਂ ਬਾਰੇ ਗੁਰਪ੍ਰੀਤ ਕੌਰ ਦਿਓ ਦੀ ਸਮੁੱਚੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵੂਮੈਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦੇ ਗਠਨ, ਦੇ ਹੁਕਮ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ।  ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਫੋਰੈਂਸਿਕ ਅਤੇ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਐੱਸ. ਏ. ਐੱਸ. ਨਗਰ ਤੋਂ ਪੁਲਸ ਟੀਮ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਅਰੁਣਾਚਲ ਪ੍ਰਦੇਸ਼ ਰਵਾਨਾ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ਜਾਣ ਦੀ ਮਨਜ਼ੂਰੀ ਨਾ ਮਿਲਣ ’ਤੇ ਅਮਨ ਅਰੋੜਾ ਨੇ ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਉਨ੍ਹਾਂ ਦੱਸਿਆ ਕਿ ਦੋਸ਼ੀ ਫ਼ੌਜੀ ਜਵਾਨ ਨੂੰ ਅਰੁਣਾਚਲ ਪ੍ਰਦੇਸ਼ ਪੁਲਸ, ਆਸਾਮ ਪੁਲਸ ਅਤੇ ਅਰੁਣਾਚਲ ਪ੍ਰਦੇਸ਼ ਦੇ ਆਰਮੀ ਅਧਿਕਾਰੀਆਂ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਐੱਸ. ਏ. ਐੱਸ. ਨਗਰ ਪੁਲਸ ਨੇ ਮੁਲਜ਼ਮ ਨੂੰ ਐੱਸ. ਏ. ਐੱਸ. ਨਗਰ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਲਈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀ.ਜੇ.ਐੱਮ.) ਬੋਮਡੀਲਾ ਦੀ ਅਦਾਲਤ ਤੋਂ ਦੋ ਦਿਨ ਦਾ ਟਰਾਂਜ਼ਿਟ ਰਿਮਾਂਡ ਵੀ ਹਾਸਲ ਕਰ ਲਿਆ ਹੈ। ਐੱਸ. ਏ. ਐੱਸ. ਨਗਰ ਪੁਲਸ ਨੇ ਪਹਿਲਾਂ ਹੀ ਵਿਦਿਆਰਥਣ ਸਣੇ ਤਿੰਨ ਅਤੇ ਹਿਮਾਚਲ ਪ੍ਰਦੇਸ਼ ਤੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਕੁਝ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਐੱਸ. ਪੀ. ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਦੋ ਮੈਂਬਰਾਂ ਡੀ. ਐੱਸ. ਪੀ. ਖਰੜ-1 ਰੁਪਿੰਦਰ ਕੌਰ ਅਤੇ ਡੀ.ਐੱਸ.ਪੀ. ਏ.ਜੀ.ਟੀ.ਐੱਫ. ਦੀਪਿਕਾ ਸਿੰਘ ਦੇ ਸਹਿਯੋਗ ਨਾਲ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ਼ ਹੋਵੇਗਾ। ਦੱਸਣਯੋਗ ਹੈ ਕਿ ਐੱਫ.ਆਈ.ਆਰ. ਨੰਬਰ 194 ਮਿਤੀ 18.09.20 22 ਨੂੰ ਆਈ.ਪੀ.ਸੀ. ਦੀ ਧਾਰਾ 354 ਸੀ ਅਤੇ ਆਈ. ਟੀ. ਐਕਟ ਦੀ ਧਾਰਾ 66 ਈ ਦੇ ਤਹਿਤ ਥਾਣਾ ਸਦਰ ਖਰੜ, ਐੱਸ. ਏ. ਐੱਸ. ਨਗਰ ਵਿਖੇ ਦਰਜ ਕੀਤਾ ਗਿਆ ਸੀ।

 

ਇਹ ਖ਼ਬਰ ਵੀ ਪੜ੍ਹੋ : CM ਮਾਨ ਨੂੰ ਮਿਲੇ ਸੰਤ ਸੀਚੇਵਾਲ, ਕਿਹਾ-ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਪੰਜਾਬ ਨੂੰ ਹੋਇਆ 2000 ਕਰੋੜ ਜੁਰਮਾਨਾ

 


Manoj

Content Editor

Related News