ਨੰਬਰਦਾਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਦੀ ਵੀਡੀਓ ਵਾਇਰਲ, ਲੋਕਾਂ ’ਚ ਭਾਰੀ ਰੋਸ

Saturday, Jun 24, 2023 - 04:53 PM (IST)

ਸੁਲਤਾਨਪੁਰ ਲੋਧੀ (ਸੋਢੀ)-ਪੰਜਾਬ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕਿਸੇ ਵੀ ਵਿਅਕਤੀ ਦੀ ਕੁੱਟਮਾਰ ਕਰਕੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾ ਕੇ ਸ਼ਰਾਰਤੀ ਅਨਸਰ ਬੇਖੌਫ ਘੁੰਮ ਰਹੇ ਹਨ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 1 ਅੰਮ੍ਰਿਤਧਾਰੀ ਵਿਅਕਤੀ ਦੀ ਸ਼ਰੇਆਮ ਕੁੱਟਮਾਰ ਕਰਦਿਆਂ ਦੀ ਵੀਡੀਓ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੰਡ ਖੇਤਰ ਦੇ ਪਿੰਡ ਬਾਊਪੁਰ ਦੇ ਪੁਲ ਉੱਪਰ ਮੋਟਰ ਸਾਈਕਲ ਤੇ ਜਾ ਰਹੇ ਪਿੰਡ ਘੜਕਾ ਦੇ ਨੰਬਰਦਾਰ ਬਗੀਚਾ ਸਿੰਘ ਨੂੰ 1 ਸਕੂਟਰ ਸਵਾਰ ਕੁਝ ਨੌਜਵਾਨਾਂ ਵੱਲੋਂ ਰੋਕ ਕੇ ਡਾਂਗ ਨਾਲ ਸ਼ਰੇਆਮ ਦਿਨ-ਦਿਹਾੜੇ ਕੁੱਟਮਾਰ ਕੀਤੀ ਗਈ ਤੇ ਉਸ ਦੀ ਕੁੱਟਮਾਰ ਦੀ ਦੂਜੇ ਸਾਥੀ ਵੱਲੋਂ ਬਣਾਈ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਹੈ।

ਇਹ ਵੀ ਪੜ੍ਹੋ: ਗੜ੍ਹਦੀਵਾਲਾ ਦੇ ਨੌਜਵਾਨ ਜਸਪਿੰਦਰ ਸਿੰਘ ਨੇ ਵਧਾਇਆ ਮਾਣ, ਅਮਰੀਕਾ 'ਚ ਬਣਿਆ ਡਿਪਟੀ ਸ਼ੈਰਿਫ

PunjabKesari
ਇਸ ਸਬੰਧੀ ਸਬੰਧਤ ਥਾਣਾ ਕਬੀਰਪੁਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਨਾਲ ਸੰਪਰਕ ਕਰਨ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਘਟਨਾ 7 ਜੂਨ ਦੀ ਹੈ ਜਿਸ ਬਾਰੇ ਨੰਬਰਦਾਰ ਬਗੀਚਾ ਸਿੰਘ ਵੱਲੋਂ ਚਾਰ ਦਿਨ ਬਾਅਦ ਸ਼ਿਕਾਇਤ ਲਿਖਵਾਈ ਗਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਬਗੀਚਾ ਸਿੰਘ ਦੇ ਬਿਆਨ 'ਤੇ ਉਨ੍ਹਾਂ ਦੇ ਪਿੰਡ ਘੜਕਾ ਦੇ ਨਿਵਾਸੀ ਸਤਨਾਮ ਸਿੰਘ ਉਰਫ ਸੱਤਾ ਅਤੇ ਜਗਜੀਤ ਸਿੰਘ ਖਿਲਾਫ਼ ਮੁਕੱਦਮਾ ਨੰਬਰ 12 ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਇਹ ਮਾਮਲਾ ਬੜਾ ਸੰਗੀਨ ਹੈ ਤੇ ਇਸ ਘਟਨਾ ਦੇ ਦੋਸ਼ੀਆਂ ਤੱਕ ਪਹੁੰਚਣ ਲਈ ਬਾਰੀਕੀ ਨਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੂਜੇ ਪਾਸੇ ਪੰਜਾਬ ਨੰਬਰਦਾਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮੰਗਲ ਸਿੰਘ ਭੱਟੀ, ਜਨਰਲ ਸਕੱਤਰ ਲਹਿੰਬਰ ਸਿੰਘ ਸਰਾਏ ਜੱਟਾਂ, ਨੰਬਰਦਾਰ ਗੁਰਸਾਹਿਬ ਸਿੰਘ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਨੰਬਰਦਾਰਾਂ ਬਗੀਚਾ ਸਿੰਘ ਨੰਬਰਦਾਰ ਦੀ ਗੁੰਡਾ ਅਨਸਰਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਨਿਖੇਧੀ ਕੀਤੀ ਹੈ ਅਤੇ ਕੁੱਟਮਾਰ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਹੀ ਤਰ੍ਹਾਂ ਕੈਨੇਡਾ ਤੋਂ ਜਥੇ ਨਿਸ਼ਾਨ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਵੀ ਇਕ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਉਤਾਰਨ ਅਤੇ ਮਾਰਕੁਟਾਈ ਕਰਕੇ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸਹੁਰਿਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News