ਵਿੱਕੀ ਗੌਂਡਰ ਗੈਂਗ ਦੇ ਮੈਂਬਰ ਗੈਂਗਸਟਰ ਦਰਸ਼ਨ ਭੌਰਾ ਦੀ ਜ਼ਮਾਨਤ ਪਟੀਸ਼ਨ ਰੱਦ

02/23/2018 7:04:07 AM

ਲੁਧਿਆਣਾ, (ਮਹਿਰਾ)- ਹਾਲ ਹੀ ਵਿਚ ਪੁਲਸ ਮੁਕਾਬਲੇ 'ਚ ਮਾਰੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਗੈਂਗਸਟਰ ਦਰਸ਼ਨ ਸਿੰਘ ਭੌਰਾ ਨਿਵਾਸੀ ਯਮੁਨਾ ਨਗਰ ਦੀ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। 
ਗੈਂਗਸਟਰ ਦਰਸ਼ਨ ਸਿੰਘ ਭੌਰਾ ਨੂੰ ਸਥਾਨਕ ਸਰਾਭਾ ਨਗਰ ਪੁਲਸ ਨੇ ਗੰਨ ਪੁਆਇੰਟ 'ਤੇ ਕਾਰ ਖੋਹਣ ਦੇ ਦੋਸ਼ ਵਿਚ 15 ਨਵੰਬਰ, 2017 ਨੂੰ ਧਾਰਾ 394, 506, 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਪੁਲਸ ਵੱਲੋਂ ਦੋਸ਼ੀ ਖਿਲਾਫ ਦਰਜ ਕੀਤੇ ਗਏ ਕੇਸ ਦੇ ਮੁਤਾਬਕ 15 ਨਵੰਬਰ ਨੂੰ ਦੋਸ਼ੀ ਨੇ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਇਕ ਫਾਰਚੂਨਰ ਕਾਰ ਨੂੰ ਗੰਨ ਪੁਆਇੰਟ 'ਤੇ ਪਵਨ ਕੁਮਾਰ ਤੋਂ ਖੋਹ ਲਿਆ ਸੀ। ਉਨ੍ਹਾਂ ਮੁਤਾਬਕ ਪਵਨ ਕੁਮਾਰ ਜੋ ਕਿ ਸੰਜੇ ਗਰਗ ਦਾ ਡਰਾਈਵਰ ਸੀ ਅਤੇ ਜਦੋਂ ਉਹ ਟਿਊਸ਼ਨ ਪੜ੍ਹਨ ਆਏ ਆਪਣੇ ਮਾਲਕ ਦੇ ਬੇਟੇ ਮਾਧਵ ਨੂੰ ਰਾਜਗੁਰੂ ਨਗਰ ਮਾਰਕੀਟ ਤੋਂ ਲੈਣ ਆਇਆ ਸੀ ਤਾਂ ਅਚਾਨਕ ਦੋਸ਼ੀ ਇਕ ਹੋਰ ਸਾਥੀ ਨਾਲ ਆ ਗਿਆ ਅਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਗੰਨ ਪੁਆਇੰਟ 'ਤੇ ਫਾਰਚੂਨਰ ਕਾਰ ਦੀ ਚਾਬੀ ਦੀ ਮੰਗ ਕੀਤੀ। ਨਾਲ ਹੀ ਕਿਹਾ ਕਿ ਨਹੀਂ ਤਾਂ ਉਸ ਨੂੰ ਗੋਲੀ ਮਾਰ ਦੇਣਗੇ, ਜਿਸ ਤੋਂ ਬਾਅਦ ਉਸ ਨੂੰ ਉਨ੍ਹਾਂ ਨੇ ਜ਼ਬਰਦਸਤੀ ਕਾਰ ਤੋਂ ਥੱਲੇ ਉਤਾਰ ਦਿੱਤਾ ਅਤੇ ਧੱਕੇ ਨਾਲ ਕਾਰ ਦੀ ਚਾਬੀ ਲੈ ਕੇ ਫਰਾਰ ਹੋ ਗਏ। ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਉਸ 'ਤੇ ਫਾਇਰਿੰਗ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਅਦਾਲਤ ਵਿਚ ਗੈਂਗਸਟਰ ਦੇ ਵਕੀਲ ਨੇ ਪੁਲਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਦਰਸ਼ਨ ਭੌਰਾ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ ਅਤੇ ਉਸ ਦਾ ਕੋਈ ਕਸੂਰ ਨਹੀਂ ਹੈ। ਜਦੋਂਕਿ ਸਰਕਾਰੀ ਵਕੀਲ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦੋਸ਼ੀ ਵੱਲੋਂ ਖੋਹੀ ਗਈ ਕਾਰ ਬਾਅਦ ਵਿਚ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਹੋਰਨਾਂ ਸਾਥੀਆਂ ਨੇ ਵਰਤੀ ਸੀ ਅਤੇ ਦੋਸ਼ੀ ਵਿੱਗੀ ਗੌਂਡਰ ਦੇ ਗੈਂਗ ਦਾ ਹੀ ਮੈਂਬਰ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਕਿਹਾ ਕਿ ਪੁਲਸ ਵੱਲੋਂ ਲਾਏ ਗਏ ਦੋਸ਼ ਬੇਹੱਦ ਸੰਗੀਨ ਹਨ ਅਤੇ ਇਨ੍ਹਾਂ ਦੋਸ਼ਾਂ ਨੂੰ ਦੇਖਦੇ ਹੋਏ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਨ ਦਾ ਫੈਸਲਾ ਸੁਣਾਇਆ। ਦੋਸ਼ੀ ਗੈਂਗਸਟਰ 20 ਦਸੰਬਰ, 2017 ਤੋਂ ਜੇਲ ਵਿਚ ਬੰਦ ਹੈ।


Related News