ਵਿੱਕੀ ਤੇਰੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ, ਪੁਲਸ ਨੇ ਆਪਣਾ ਕੰਮ ਕਰਤਾ, ਹੁਣ ਸਾਡੀ ਵਾਰੀ
Saturday, Jan 27, 2018 - 07:02 PM (IST)

ਜਲੰਧਰ : ਖੌਫ ਦਾ ਦੂਜਾ ਨਾਂ ਬਣ ਚੁੱਕੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਸ਼ੁੱਕਰਵਾਰ ਸ਼ਾਮ ਪੰਜਾਬ ਪੁਲਸ ਨੇ ਐਨਕਾਊਂਟਰ ਕਰ ਦਿੱਤਾ। ਇਸ ਐਨਕਾਊਂਟਰ ਵਿਚ ਗੌਂਡਰ ਦਾ ਇਕ ਹੋਰ ਸਾਥੀ ਸੁਖਪ੍ਰੀਤ ਉਰਫ ਬੁੱਧਾ ਵੀ ਮਾਰਿਆ ਗਿਆ। ਸਾਥੀਆਂ ਦੀ ਮੌਤ ਤੋਂ ਬਾਅਦ ਸ਼ੇਰਾ ਖੁੱਬਣ ਗਰੁੱਪ ਨੇ ਪੁਲਸ ਨੂੰ ਵੰਗਾਰਦੇ ਹੋਏ ਸਖਤ ਚਿਤਾਵਨੀ ਦਿੱਤੀ ਹੈ। ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁਕ 'ਤੇ ਇਕ ਪੋਸਟ ਅਪਲੋਡ ਕਰਕੇ ਲਿਖਿਆ ਹੈ ਕਿ ਪੰਜਾਬ ਪੁਲਸ ਨੇ ਇਹ ਚੰਗਾ ਨਹੀਂ ਕੀਤਾ। ਵਿੱਕੀ ਤੇਰੀ ਮੌਤ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਪੁਲਸ ਨੇ ਸਾਡੇ ਦੋ ਮਾਰੇ ਅਸੀਂ ਉਨ੍ਹਾਂ ਦੇ ਚਾਰ ਮਾਰਾਂਗੇ। ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਇਸ ਨੂੰ ਧਮਕੀ ਨਾ ਸਮਝਿਆ ਜਾਵੇ। ਪੰਜਾਬ ਦਾ ਮਾਹੌਲ ਇਹ ਆਪ ਖਰਾਬ ਕਰ ਰਹੇ ਹਨ। ਬਾਕੀ ਇਹ ਗਲਤੀ ਤੁਸੀਂ ਜਿਹੜੀ ਕੀਤੀ ਆ ਇਹ ਨਹੀਂ ਸੀ ਕਰਨੀ ਚਾਹੀਦੀ। ਤੁਸੀਂ ਆਪਣਾ ਕੰਮ ਕਰ ਲਿਆ ਹੁਣ ਸਾਡੀ ਵਾਰੀ ਆ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਹਿੰਦੂਮਲਕੋਟ ਇਲਾਕੇ ਵਿਚ ਪੈਂਦੀ ਪੱਕੀ ਟਿੱਬੀ ਦੀ ਢਾਣੀ 'ਚ ਪੰਜਾਬ ਅਤੇ ਰਾਜਸਥਾਨ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਮਾਰ ਮੁਕਾਇਆ। ਲਗਭਗ 15 ਮਿੰਟ ਚੱਲੇ ਇਸ ਆਪਰੇਸ਼ਨ ਦੌਰਾਨ ਦੋਵਾਂ ਪਾਸਿਓਂ 50-55 ਫਾਇਰ ਹੋਏ। ਅੰਤ ਵਿਚ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਬੁੱਧ ਸਿੰਘ ਐਨਕਾਊਂਟਰ 'ਚ ਮਾਰੇ ਗਏ। ਇਸ ਦੌਰਾਨ ਪੰਜਾਬ ਪੁਲਸ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋ ਗਏ।