ਸਨੈਚਿੰਗ ਦੇ ਮਾਮਲੇ ''ਚ ਵਿੱਕੀ ਮਸੀਹ ਫਿਰ ਗ੍ਰਿਫਤਾਰ
Saturday, Jun 16, 2018 - 07:50 AM (IST)

ਜਲੰਧਰ, (ਮਹੇਸ਼)- 4 ਦਿਨ ਪਹਿਲਾਂ ਹੀ ਜੇਲ ਵਿਚੋਂ ਆਏ ਸਨੈਚਿੰਗ ਦੇ ਤਿੰਨ ਮਾਮਲਿਆਂ ਵਿਚ ਭਗੌੜੇ ਮੁਲਜਮ ਸੰਸਾਰਪੁਰ ਦੇ ਵਿੱਕੀ ਮਸੀਹ ਪੁੱਤਰ ਵਿਲਸਨ ਨੂੰ ਨੰਗਲ ਸ਼ਾਮਾ ਪੁਲਸ ਚੌਕੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਥਾਣਾ ਕੈਂਟ ਵਿਚ ਦਰਜ ਐੈੱਨ. ਡੀ. ਪੀ. ਐੈੱਸ. ਐਕਟ ਦੇ ਇਕ ਮਾਮਲੇ ਵਿਚ ਚਾਰ ਦਿਨ ਪਹਿਲਾਂ ਹੀ ਜੇਲ ਵਿਚੋਂ ਬਾਹਰ ਆਇਆ ਸੀ। ਮੂਲ ਤੌਰ 'ਤੇ ਬੇਅੰਤ ਨਗਰ ਦਾ ਰਹਿਣ ਵਾਲਾ ਮੁਲਜਮ ਅੱਜ ਕੱਲ ਹੈਨਰੀ ਕਾਲੋਨੀ ਸੰਸਾਰਪੁਰ ਵਿਚ ਰਹਿ ਰਿਹਾ ਸੀ। ਉਸਨੇ ਆਪਣੇ ਸਾਥੀ ਵਿਨੋਦ ਉਰਫ ਭਿੱਟਾ ਵਾਸੀ ਰੇਲਵੇ ਕਾਲੋਨੀ ਨਾਲ ਮਿਲ ਕੇ ਨੈਸ਼ਨਲ ਐਵੇਨਿਊ ਵਿਚ ਰੁਪਿੰਦਰ ਕੌਰ, ਦਕੋਹਾ ਰੋਡ 'ਤੇ ਸਥਿਤ ਪਤਾਰੀਆਂ ਦਾ ਖੂਹ ਦੇ ਨੇੜੇ ਨੇਹਾ ਗਿੱਲ ਤੇ ਬੈਸਟ ਪ੍ਰਾਈਜ਼ ਦੇ ਸਾਹਮਣੇ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਜਾ ਰਹੀ ਔਰਤ ਨਾਲ ਸਨੈਚਿੰਗ ਕੀਤੀ ਸੀ। ਦੋਵਾਂ ਦੇ ਖਿਲਾਫ ਸਨੈਚਿੰਗ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 379-ਬੀ. ਦੇ ਤਹਿਤ ਤਿੰਨ ਐੈੱਫ. ਆਈ. ਆਰ. ਪਿਛਲੇ ਸਾਲ ਦਰਜ ਕੀਤੀਆਂ ਗਈਆਂ ਸਨ। ਵਿਨੋਦ ਭਿੱਟਾ ਨੂੰ ਪੁਲਸ ਨੇ ਕਾਬੂ ਕਰ ਲਿਆ ਸੀ ਜੋ ਜੇਲ ਵਿਚ ਸਜ਼ਾ ਕੱਟ ਰਿਹਾ ਹੈ ਜਦੋਂ ਕਿ ਵਿੱਕੀ ਨੂੰ ਮਾਣਯੋਗ ਅਦਾਲਤ ਨੇ ਤਿੰਨ ਮਾਮਲਿਆਂ ਵਿਚ ਭਗੌੜਾ ਕਰਾਰ ਦੇ ਦਿੱਤਾ ਸੀ। ਉਸ ਖਿਲਾਫ ਵੱਖ-ਵੱਖ ਥਾਣਿਆਂ ਵਿਚ ਸਨੈਚਿੰਗ ਤੇ ਐੱਨ. ਡੀ. ਪੀ. ਐੈੱਸ. ਐਕਟ ਦੇ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਉਹ ਪਹਿਲਾਂ ਵੀ ਕਈ ਵਾਰ ਜੇਲ ਜਾ ਚੁੱਕਾ ਹੈ। ਏ. ਐੈੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜਮ ਵਿੱਕੀ ਮਸੀਹ ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿਚ ਕੋਈ ਘਰੇਲੂ ਸ਼ਿਕਾਇਤ ਕੀਤੀ ਗਈ, ਉਥੇ ਜਾਂਚ ਵਿਚ ਪਤਾ ਲੱਗਾ ਕਿ ਉਹ ਥਾਣਾ ਰਾਮਾ ਮੰਡੀ ਨਾਲ ਸਬੰਧਿਤ ਤਿੰਨ ਕੇਸਾਂ ਵਿਚ ਭਗੌੜਾ ਹੈ। ਜਿਸਨੂੰ ਬਸਤੀ ਬਾਵਾ ਖੇਲ ਦੀ ਪੁਲਸ ਨੇ ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਥਾਣਾ ਨੰਗਲ ਸ਼ਾਮਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ।