ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਨਾਬਾਲਗ ਸਮੇਤ 4 ਮੈਂਬਰ ਕਾਬੂ

07/20/2023 2:20:59 PM

ਚੰਡੀਗੜ੍ਹ (ਸੁਸ਼ੀਲ ਰਾਜ) : ਸਾਰੰਗਪੁਰ ਪੁਲਸ ਨੇ ਚੰਡੀਗੜ੍ਹ ਤੋਂ ਦੋਪਹੀਆ ਵਾਹਨ ਚੋਰੀ ਕਰ ਕੇ ਫਿਰੋਜ਼ਪੁਰ ਅਤੇ ਲੁਧਿਆਣਾ 'ਚ ਵੇਚਣ ਵਾਲੇ ਇਕ ਗਿਰੋਹ ਦੇ ਇਕ ਨਾਬਾਲਗ ਸਮੇਤ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੱਖਣ ਸਿੰਘ ਵਾਸੀ ਮਾਹਲੇਵਾਲਾ, ਸਰਗਾਣਾ ਫਿਰੋਜ਼ਪੁਰ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਵਾਸੀ ਪਿੰਡ ਸਾਂਗਾ ਅਤੇ ਇਕ ਨਾਬਾਲਗ ਵਜੋਂ ਹੋਈ ਹੈ। ਮੌਕੇ ਤੋਂ ਪੁਲਸ ਨੇ 25 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਪੁਲਸ ਨੇ 11 ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਥਾਣਾ ਸਾਰੰਗਪੁਰ ਦੀ ਪੁਲਸ ਨੇ ਉਪਰੋਕਤ ਚਾਰਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਨਾਬਾਲਗ ਨੂੰ ਬਾਲ ਸੁਧਾਰ ਘਰ ਅਤੇ ਗੁਰਵਿੰਦਰ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਕਿੰਗਪਿਨ ਮੱਖਣ ਅਤੇ ਬਲਜਿੰਦਰ ਨੂੰ ਅਦਾਲਤ ਨੇ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਥਾਣਾ ਸਾਰੰਗਪੁਰ ਪੁਲਸ ਰਿਮਾਂਡ ’ਤੇ ਚੱਲ ਰਹੇ ਦੋਵੇਂ ਮੁਲਜ਼ਮਾਂ ’ਚੋਂ ਫ਼ਰਾਰ ਪੰਜਵੇਂ ਸਾਥੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਦੋ ਪਹੀਆ ਵਾਹਨ ਚੋਰਾਂ ਨੂੰ ਫੜ੍ਹਨ ਲਈ ਡੀ. ਐੱਸ. ਪੀ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ।

ਪੁਲਸ ਟੀਮ ਖੁੱਡਾ ਲਾਹੌਰ ਨੇੜੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਸ ਟੀਮ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਕਾਗਜ਼ਾਤ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗੇ। ਜਦੋਂ ਪੁਲਸ ਟੀਮ ਨੇ ਨੰਬਰ ਚੈੱਕ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ। ਸਾਰੰਗਪੁਰ ਥਾਣੇ ਦੀ ਪੁਲਸ ਨੇ ਮੋਟਰਸਾਈਕਲ ਸਵਾਰ ਮੱਖਣ ਸਿੰਘ, ਗੁਰਵਿੰਦਰ ਅਤੇ ਨਾਬਾਲਗ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਮੋਟਰਸਾਈਕਲ ਖੁੱਡਾ ਲਾਹੌਰ ਤੋਂ ਚੋਰੀ ਕੀਤਾ ਸੀ। ਪੁਲਸ ਨੇ ਮੱਖਣ ਦੇ ਇਸ਼ਾਰੇ ’ਤੇ ਚੌਥੇ ਮੁਲਜ਼ਮ ਬਲਜਿੰਦਰ ਨੂੰ ਕਾਬੂ ਕਰ ਲਿਆ। ਦੋਵਾਂ ਦੇ ਇਸ਼ਾਰੇ ’ਤੇ ਫਿਰੋਜ਼ਪੁਰ ਅਤੇ ਲੁਧਿਆਣਾ ਤੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਸਾਰੰਗਪੁਰ ਥਾਣੇ ਦੇ 8 , ਸੈਕਟਰ-36 ਤੇ 11 ਥਾਣੇ ਦਾ ਇਕ-ਇਕ ਕੇਸ ਹੱਲ ਕੀਤਾ ਗਿਆ ਹੈ।
 


Babita

Content Editor

Related News