ਸਬਜ਼ੀ ਚੋਰੀ ਕਰਨ ਆਏ ਛੱਡ ਗਏ ਮੋਬਾਇਲ
Wednesday, Dec 20, 2017 - 11:17 AM (IST)

ਗੁਰਦਾਸਪੁਰ (ਵਿਨੋਦ) - ਹਰ ਰੋਜ਼ ਅੰਮ੍ਰਿਤਸਰ ਤੋਂ ਗੁਰਦਾਸਪੁਰ ਸਬਜ਼ੀ ਮੰਡੀ 'ਚ ਸਬਜ਼ੀ ਲੈ ਕੇ ਆਉਣ ਵਾਲੇ ਟਰੱਕ ਚਾਲਕ ਦੇ ਵਾਹਨ 'ਚੋਂ ਮੰਗਲਵਾਰ ਤੜਕਸਾਰ ਅਣਪਛਾਤੇ ਲੋਕਾਂ ਨੇ 11 ਬੋਰੀਆਂ ਮਟਰ, 2 ਬੋਰੀਆਂ ਫਲੀਆਂ, 3 ਬੋਰੀ ਆਲੂ ਚੋਰੀ ਕਰ ਲਏ ਪਰ ਇਸ ਲੁੱਟ ਨੂੰ ਅੰਜਾਮ ਦਿੰਦੇ ਸਮੇਂ ਮੁਲਜ਼ਮ ਆਪਣਾ ਮੋਬਾਇਲ ਟਰੱਕ 'ਚ ਹੀ ਭੁੱਲ ਗਏ। ਮੋਬਾਇਲ ਦੇ ਆਧਾਰ 'ਤੇ ਪੁਲਸ ਦੋਸ਼ੀਆਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ। ਪੀੜਤ ਰਾਜ ਕੁਮਾਰ ਪੁੱਤਰ ਬਖਸ਼ੀ ਰਾਮ ਵਾਸੀ ਆਈ. ਟੀ. ਆਈ. ਕਾਲੋਨੀ ਗੁਰਦਾਸਪੁਰ ਤੇ ਅੰਮ੍ਰਿਤਸਰ ਵਾਸੀ ਜਸਵਿੰਦਰ ਸਿੰਘ ਨੇ ਪੁਲਸ ਸਟੇਸ਼ਨ ਸਿਟੀ ਗੁਰਦਾਸਪੁਰ ਨੂੰ ਦੱਸਿਆ ਕਿ ਹਰ ਰੋਜ਼ ਅੰਮ੍ਰਿਤਸਰ ਤੋਂ ਗੁਰਦਾਸਪੁਰ ਮੰਡੀ 'ਚ ਸਬਜ਼ੀ ਲੈ ਕੇ ਆÀੁਂਦੇ ਹਨ। ਕੁਝ ਅਣਪਛਾਤੇ ਲੋਕ ਉਨ੍ਹਾਂ ਦੇ ਟਰੱਕ 'ਚੋਂ ਸਬਜ਼ੀ ਚੋਰੀ ਕਰ ਲੈਂਦੇ ਹਨ।
ਰੋਜ਼ਾਨਾ ਟਰੱਕ ਤੋਂ ਭਾਰੀ ਮਾਤਰਾ 'ਚ ਮਾਲ ਚੋਰੀ ਹੋ ਰਿਹਾ ਹੈ ਪਰ ਚੋਰੀ ਸਬੰਧੀ ਉਨ੍ਹਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਮਿਲ ਰਹੀ। ਮੰਗਲਵਾਰ ਦੀ ਸਵੇਰੇ ਵੀ ਜਦ ਉਹ ਸਬਜ਼ੀ ਲੈ ਕੇ ਗੁਰਦਾਸਪੁਰ ਵਿਚ ਆ ਰਿਹਾ ਸੀ ਤਾਂ ਟਰੱਕ ਦੇ ਪਿੱਛੇ ਕੁਝ ਹਲਚਲ ਹੋਈ, ਜਦ ਉਤਰ ਕੇ ਵੇਖਿਆ ਤਾਂ ਟਰੱਕ ਤੋਂ ਕਈ ਬੋਰੀਆਂ ਸਾਮਾਨ ਚੋਰੀ ਹੋ ਚੁੱਕਾ ਸੀ। ਜਦਕਿ ਚੋਰ ਟਰੱਕ ਦੇ ਅੰਦਰ ਆਪਣਾ ਮੋਬਾਇਲ ਭੁੱਲ ਗਏ। ਪੀੜਤ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੋਰੀ ਦੀ ਇਸ ਸਾਰੀ ਘਟਨਾ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੂੰ ਲਿਖਤੀ 'ਚ ਸ਼ਿਕਾਇਤ ਕਰ ਦਿੱਤੀ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਚੋਰਾਂ ਦੀ ਤਾਲਾਸ਼ ਬਰਾਮਦ ਮੋਬਾਇਲ ਦੇ ਸਹਾਰੇ ਕੀਤੀ ਜਾ ਰਹੀ ਹੈ। ਜਲਦੀ ਹੀ ਇਨ੍ਹਾਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।