ਮਾਨਸੂਨ ਨਾਲ ਸਬਜ਼ੀਆਂ ਦੇ ਭਾਅ ''ਚ ਆਇਆ ਉਛਾਲ (ਵੀਡੀਓ)
Saturday, Jul 21, 2018 - 06:20 PM (IST)
ਫਿਰੋਜ਼ਪੁਰ (ਬਿਊਰੋ) - ਉੱਤਰ ਭਾਰਤ 'ਚ ਆਏ ਮਾਨਸੂਨ ਨੇ ਬੇਸ਼ੱਕ ਲੋਕਾਂ ਨੂੰ ਰਾਹਤ ਦਿੱਤੀ ਹੈ ਪਰ ਇਸ ਮੀਂਹ ਦਾ ਅਸਰ ਆਮ ਜਨਤਾ ਦੀਆਂ ਜੇਬਾਂ 'ਤੇ ਪੈ ਗਿਆ ਹੈ। ਦਰਅਸਲ, ਮੀਂਹ ਪੈਣ ਕਾਰਨ ਸਬਜ਼ੀਆਂ ਦੇ ਭਾਅ 2 ਗੁਣਾ ਵੱਧ ਗਏ ਹਨ ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਸ਼ਿਮਲਾ ਮਿਰਚ ਅਤੇ ਭਿੰਡੀ 'ਤੇ ਪਿਆ ਹੈ।
ਮਾਨਸੂਨ ਤੋਂ ਪਹਿਲਾਂ ਆਲੂ 10 ਰੁਪਏ ਪ੍ਰਤੀ ਕਿਲੋ ਮੰਡੀਆਂ 'ਚ ਵਿੱਕ ਰਿਹਾ ਸੀ ਜੋ ਹੁਣ 20 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸੇ ਤਰ੍ਹਾਂ ਪਿਆਜ 20 ਰੁਪਏ ਪ੍ਰਤੀ ਕਿਲੋ ਤੋਂ 25 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ ਜਦਕਿ ਤੋਰੀਆਂ 20 ਰੁਪਏ ਤੋਂ 40 ਰੁਪਏ ਹੋ ਗਈਆਂ ਹਨ। ਜੇਕਰ ਗੱਲ ਕਰੀਏ ਗੋਭੀ ਦੀ ਤਾਂ ਗੋਭੀ ਦੇ ਭਾਅ 'ਤੇ ਕੋਈ ਫਰਕ ਨਹੀਂ ਪਿਆ। ਇਸ ਤੋਂ ਇਲਾਵਾ ਟੀਂਡੇ 25 ਰੁਪਏ ਤੋਂ ਵੱਧ ਕੇ 40 ਰੁਪਏ ਤੱਕ ਪੁੱਜ ਗਏ ਹਨ ਅਤੇ 20 ਰੁਪਏ ਵਿਕਣ ਵਾਲੀ ਭਿੰਡੀ ਦੁੱਗਣੀ ਛਾਲ ਮਾਰ ਕੇ 40 ਰੁਪਏ ਕਿਲੋ ਹੋ ਗਈ ਹੈ। ਸਭ ਤੋਂ ਜ਼ਿਆਦਾ ਰੇਟ ਵਧਿਆ ਹੈ ਸ਼ਿਮਲਾ ਮਿਰਚ ਦਾ, ਜੋ ਪਹਿਲਾਂ 40 ਰੁਪਏ ਸੀ ਅਤੇ ਹੁਣ 70 ਰੁਪਏ ਵਿੱਕ ਰਹੀ ਹੈ। ਇਸੇ ਤਰ੍ਹਾਂ ਨਾਲ ਟਮਾਟਰ 20 ਰੁਪਏ ਕਿਲੋ ਤੋਂ 30 ਰੁਪਏ ਕਿਲੋ ਹੋ ਗਿਆ ਹੈ ਤੇ 20 ਰੁਪਏ ਕਿਲੋ ਵਿੱਕਣ ਵਾਲੇ ਕਰੇਲੇ 'ਚ 10 ਰੁਪਏ ਦਾ ਵਾਧਾ ਹੋਇਆ ਹੈ।
ਦੁਕਾਨਦਾਰਾਂ ਦੀ ਮੰਨੀਏ ਤਾਂ ਮੀਂਹ ਕਾਰਨ ਬਹੁਤੀਆਂ ਸਬਜ਼ੀਆਂ ਖੇਤਾਂ 'ਚ ਹੀ ਖ਼ਰਾਬ ਹੋ ਗਈਆਂ ਹਨ, ਜਿਸ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਉਧਰ ਸਬਜ਼ੀਆਂ ਖਰੀਦ ਰਹੇ ਲੋਕ ਸਬਜ਼ੀਆਂ ਦੇ ਰੇਟਾਂ ਤੋਂ ਬਹੁਤ ਪ੍ਰੇਸ਼ਾਨ ਹਨ। ਮਾਨਸੂਨ ਦੇ ਇਸ ਮੌਸਮ 'ਚ 40 ਰੁਪਏ ਕਿਲੋ ਮਿਲਣ ਵਾਲੀ ਸਬਜ਼ੀ ਅੱਜ 70 ਰੁਪਏ ਕਿਲੋ ਮਿਲ ਰਹੀ ਹੈ ਜਿਸਦਾ ਸਿੱਧਾ ਅਸਰ ਆਮ ਜਨਤਾ ਦੀ ਜੇਬਾਂ 'ਤੇ ਪਵੇਗਾ।
