ਕਰਫਿਊ ਨੇ ਤੋੜੀ ਸਬਜ਼ੀ ਕਾਸ਼ਤਕਾਰ ਅਤੇ ਗਾਹਕ ਵਿਚਲੀ ਤੰਦ, ਦੋਵੇਂ ਤੰਗ

Thursday, Mar 26, 2020 - 05:10 PM (IST)

ਕਰਫਿਊ ਨੇ ਤੋੜੀ ਸਬਜ਼ੀ ਕਾਸ਼ਤਕਾਰ ਅਤੇ ਗਾਹਕ ਵਿਚਲੀ ਤੰਦ, ਦੋਵੇਂ ਤੰਗ

ਲੁਧਿਆਣਾ (ਸਰਬਜੀਤ ਸਿੱਧੂ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਦੇਸ਼ ਵਿਆਪੀ ਕਰਫਿਊ ਨੇ ਸਬਜ਼ੀ ਦੇ ਕਾਸ਼ਤਕਾਰ ਅਤੇ ਖਪਤਕਾਰ ਦੋਵਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਰਫਿਊ ਕਾਰਨ ਕਾਸ਼ਤਕਾਰ ਅਤੇ ਗਾਹਕ ਵਿਚਾਲੀ ਤੰਦ ਟੁੱਟ ਗਈ ਹੈ। ਕਿਸਾਨਾਂ ਦੀ ਸੈਂਕੜੇ ਕੁਇੰਟਲ ਸਬਜ਼ੀ ਖੇਤਾਂ 'ਚ ਗਲ਼ ਰਹੀ ਹੈ ਅਤੇ ਦੂਜੇ ਪਾਸੇ ਲੋਕ ਸਬਜ਼ੀ ਖਰੀਦਣ ਲਈ ਤਰਲੇ ਕਰ ਰਹੇ ਹਨ। ਇਸ ਬਾਰੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਬਜ਼ੀ ਕਾਸ਼ਤਕਾਰ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ 4 ਦਿਨ ਪਹਿਲਾਂ ਮੰਡੀ 'ਚ ਸਬਜ਼ੀ ਲੈ ਕੇ ਗਏ ਸੀ, ਉਸ ਤੋਂ ਬਾਅਦ ਮੰਡੀ ਤੱਕ ਜਾਣ ਦੀ ਰੁਕਾਵਟ ਹੋਣ ਕਰ ਕੇ ਸਬਜ਼ੀ ਖੇਤਾਂ 'ਚ ਹੀ ਖਰਾਬ ਹੋ ਰਹੀ ਹੈ। ਮਾਲੇਰਕੋਟਲਾ ਦੇ ਕਾਸ਼ਤਕਾਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੀ ਸਬਜ਼ੀ ਖੇਤਾਂ 'ਚ ਗਲ਼ ਰਹੀ ਹੈ। ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਅਜੇ ਖੀਰਿਆਂ ਦੀ ਇਕ ਹੀ ਤੁੜਾਈ ਹੋਈ ਸੀ ਅਤੇ ਅਸੀਂ 2 ਦਿਨ ਪਹਿਲਾਂ ਮਾਲੇਰਕੋਟਲਾ ਮੰਡੀ 'ਚ ਗਏ ਤਾਂ ਪੁਲਸ ਨੇ ਉਥੋਂ ਸਾਨੂੰ ਘਰ ਵਾਪਸ ਭਜਾ ਦਿੱਤਾ। ਖੀਰਿਆਂ ਦੀਆਂ ਬੇਲਾਂ 15-20 ਅਪ੍ਰੈਲ ਤੱਕ ਚੱਲਣਗੀਆਂ, ਜੇ ਓਨੇ ਦਿਨ ਇਹੀ ਕੰਮ ਰਿਹਾ ਤਾਂ ਲਾਗਤ ਸਣੇ ਸਾਰਾ ਕਰਜ਼ਾ ਸਿਰ ਚੜ੍ਹ ਜਾਣਾ ਹੈ।

ਇਹ ਵੀ ਪੜ੍ਹੋ ► ਵੱਡੀ ਖਬਰ : ਨਵਾਂਸ਼ਹਿਰ 'ਚ ਕੋਰੋਨਾ ਦਾ ਇਕ ਹੋਰ ਮਾਮਲਾ, ਸਰਪੰਚ ਦੀ ਮਾਤਾ ਦਾ ਟੈਸਟ ਪਾਜ਼ੇਟਿਵ     

ਇਸ ਬਾਰੇ ਬਾਗਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਹਰੇਕ ਸਬਜ਼ੀ ਕਾਸ਼ਤਕਾਰ ਦੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਕਿ ਕਿਹੜੇ ਕਿਸਾਨ ਨੇ ਆਪਣਾ ਉਤਪਾਦਨ ਮੰਡੀ ਜਾਂ ਕੋਲਡ ਸਟੋਰ ਲੈ ਕੇ ਜਾਣਾ ਹੈ। ਇਹ ਅਸੀਂ ਜ਼ਿਲਾ ਪੱਧਰ 'ਤੇ ਕਰ ਰਹੇ ਹਾਂ ਤਾਂ ਕਿ ਆਮ ਲੋਕਾਂ ਤੱਕ ਇਹ ਉਤਪਾਦ ਪਹੁੰਚ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਮੰਡੀ ਬੋਰਡ ਅਤੇ ਬਾਗਬਾਨੀ ਵਿਭਾਗ ਸਭ ਇਸ ਵਿਚ ਲੱਗੇ ਹੋਏ ਹਨ ਅਤੇ ਕੱਲ ਸਵੇਰ ਤੱਕ ਸਭ ਹੱਲ ਹੋ ਜਾਵੇਗਾ। ਪੰਜਾਬ ਮੰਡੀ ਬੋਰਡ ਦੇ ਜੀ. ਐੱਮ. ਗੁਰਵਿੰਦਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ 'ਚੋਂ ਆਲੂ ਬਾਹਰਲੇ ਰਾਜਾਂ ਨੂੰ ਅਤੇ ਪਿਆਜ਼, ਅਦਰਕ ਆਦਿ ਪੰਜਾਬ 'ਚ ਪਹੁੰਚਾਉਣ ਲਈ ਗੱਲਬਾਤ ਚੱਲ ਰਹੀ ਹੈ। ਇਸ ਨੂੰ ਅਸੀਂ 2 ਜਾਂ 3 ਦਿਨਾਂ 'ਚ ਹੱਲ ਕਰ ਦੇਵਾਂਗੇ। ਬਾਕੀ ਸਭ ਕਿਸਾਨਾਂ ਦੇ ਫੋਟੋ ਸ਼ਨਾਖਤੀ ਕਾਰਡ ਬਣ ਜਾਣਗੇ ਤਾਂ ਜੋ ਉਹ ਘਰ-ਘਰ ਜਾ ਕੇ ਸਬਜ਼ੀ ਵੇਚ ਸਕਣ।

ਪਰ ਸਵਾਲ ਇਹ ਉੱਠਦਾ ਹੈ ਕਿ ਸਾਰੇ ਕਿਸਾਨ ਘਰ-ਘਰ ਜਾ ਕੇ ਸਬਜ਼ੀ ਨਹੀਂ ਵੇਚ ਸਕਦੇ, ਇਸ ਲਈ ਆੜ੍ਹਤੀਆਂ ਅਤੇ ਦੁਕਾਨਦਾਰਾਂ ਵਰਗੇ ਵਿਚੋਲੀਆਂ ਤੋਂ ਬਿਨਾਂ ਕੰਮ ਅਸੰਭਵ ਹੈ। ਇਸ ਬਾਰੇ ਰੰਧਾਵਾ ਸਾਹਿਬ ਨੇ ਕਿਹਾ ਕਿ ਜ਼ਿਲਾ ਪੱਧਰ 'ਤੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੰਗਰੂਰ ਜ਼ਿਲੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਿਸਾਨਾਂ ਨੂੰ ਖੁੱਲ੍ਹ ਹੈ ਕਿ ਉਹ ਮੰਡੀ 'ਚ ਆਪਣੀ ਸਬਜ਼ੀ ਵੇਚ ਸਕਦੇ ਹਨ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਫਿਲਹਾਲ ਕਿਸਾਨਾਂ ਮੁਤਾਬਿਕ ਅਜੇ ਅਜਿਹਾ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੋਇਆ ਤਾਂ ਸਬੰਧਤ ਬੰਦਿਆਂ ਨਾਲ ਸੰਪਰਕ ਕਰ ਕੇ ਅਸੀਂ ਇਸ ਦਾ ਹੱਲ ਕੱਢਦੇ ਹਾਂ। ਇਸ ਸਬਜ਼ੀ ਦੀ ਸਮੱਸਿਆ ਕਾਰਣ ਖਪਤਕਾਰ ਅਤੇ ਦੁਕਾਨਦਾਰ ਬਹੁਤ ਦੁਖੀ ਹਨ।

ਇਹ ਵੀ ਪੜ੍ਹੋ ► ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ     

ਲੁਧਿਆਣਾ ਦੇ ਖਪਤਕਾਰ ਮੁਹੰਮਦ ਆਬਿਦ ਨੇ ਕਿਹਾ ਕਿ ਸਬਜ਼ੀ ਬੜੀ ਮੁਸ਼ਕਲ ਨਾਲ ਮਿਲਦੀ ਹੈ, ਜੇ ਕਿਤੋਂ ਮਿਲਦੀ ਵੀ ਹੈ ਤਾਂ ਸਵੇਰੇ 5 ਵਜੇ, ਉਹ ਵੀ ਮਹਿੰਗੇ ਭਾਅ ਲੈ ਕੇ ਆਉਣੀ ਪੈਂਦੀ ਹੈ। ਖਪਤਕਾਰ ਸੁਮਿਤ ਭਾਰਦਵਾਜ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਕੋਈ ਸਬਜ਼ੀ ਦੀ ਰੇਹੜੀ ਗਲੀ 'ਚ ਆ ਵੀ ਜਾਂਦੀ ਸੀ ਪਰ ਹੁਣ ਨਹੀਂ ਆਉਂਦੀ। ਅੱਜ ਸਵੇਰੇ ਇਕ ਆਈ ਸੀ ਪਰ ਮੇਰੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਬਜ਼ੀ ਖਤਮ ਹੋ ਗਈ। ਆੜ੍ਹਤੀ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਨਾ ਤਾਂ ਸਾਡੇ ਕੋਲ ਪਿਆਜ਼ ਅਤੇ ਅਦਰਕ ਦੀ ਗੱਡੀ ਪਹੁੰਚ ਰਹੀ ਹੈ, ਜੋ ਕਿ ਬਾਹਰਲੇ ਰਾਜਾਂ ਤੋਂ ਆਉਂਦੀ ਹੈ ਅਤੇ ਨਾ ਹੀ ਕਿਸਾਨਾਂ ਦਾ ਉਤਪਾਦ। ਸਾਡੇ ਕੋਲ ਅਜੇ ਕੋਈ ਚਿੱਠੀ ਜਾਂ ਹਦਾਇਤ ਨਹੀਂ ਆਈ ਕਿ ਮੰਡੀ ਕਦੋਂ ਖੋਲ੍ਹਣੀ ਹੈ ਅਤੇ ਜੇ ਖੋਲ੍ਹਣੀ ਹੈ ਤਾਂ ਕਿਸ ਸਮੇਂ ਅਤੇ ਕਿੰਨਾ ਸਮਾਂ ਖੋਲ੍ਹਣੀ ਹੈ।

ਪ੍ਰਸ਼ਾਸਨ ਮੌਜੂਦਾ ਸਮੇਂ 'ਚ ਕਰਫਿਊ ਕਾਰਨ ਕਿਸਾਨਾਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਪੈ ਰਹੇ ਘਾਟੇ ਅਤੇ ਖਪਤਕਾਰਾਂ ਦੀ ਸੁਰੱਖਿਆ ਦੇ ਨਾਲ ਉਨ੍ਹਾਂ ਦੀ ਖਪਤ ਪੂਰੀ ਕਰਨ 'ਚ ਫਿਲਹਾਲ ਅਸਮਰੱਥ ਰਿਹਾ ਹੈ। ਕਿਸਾਨ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਕਾਸ਼ਤਕਾਰ ਅਤੇ ਖਪਤਕਾਰ 'ਚ ਸੰਪਰਕ ਬਣਾ ਕੇ ਸਭ ਸਮੱਸਿਆਵਾਂ ਦਾ ਹੱਲ ਕਰੇਗੀ।

ਇਹ ਵੀ ਪੜ੍ਹੋ ► ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ

ਇਹ ਵੀ ਪੜ੍ਹੋ ► ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ

 


author

Anuradha

Content Editor

Related News