ਜਲੰਧਰ ਬਾਈਪਾਸ ਸਥਿਤ ਸਬਜ਼ੀ ਤੇ ਫਰੂਟ ਮੰਡੀ ਅਗਲੇ ਹੁਕਮਾਂ ਤੱਕ ਰਹੇਗੀ ਬੰਦ

Monday, Mar 30, 2020 - 11:16 PM (IST)

ਲੁਧਿਆਣਾ, (ਜੇ.ਬੀ.)- ਵਿਸ਼ਵ ਭਰ 'ਚ ਫੈਲਿਆ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਏ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਲੰਧਰ ਬਾਈਪਾਸ ਸਥਿਤ ਸਬਜੀ ਅਤੇ ਫਰੂਟ ਮੰਡੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਫੈਸਲਾ ਮੰਡੀ ਵਿੱਚ ਰੋਜ਼ਾਨਾ ਪੈਣ ਵਾਲੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਅਮਰਪੁਰਾ ਮੁਹੱਲੇ ਨਾਲ ਸੰਬੰਧਤ ਔਰਤ ਦੀ ਪਟਿਆਲਾ ਵਿਖੇ ਇਲਾਜ਼ ਦੌਰਾਨ ਹੋਈ ਮੌਤ ਨੂੰ ਗੰਭੀਰਤਾ ਨਾਲ ਲੈਂਦਿਆਂ ਅਮਰਪੁਰਾ ਮੁਹੱਲੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਮੁਹੱਲੇ ਦੇ ਲੋਕਾਂ ਨੂੰ 14 ਦਿਨ ਤੱਕ ਕੁਏਰਿਨਟਾਈਨ ਸਹੂਲਤ ਵਿੱਚ ਰੱਖਿਆ ਜਾਵੇਗਾ। ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਹਰੇਕ ਮੁਹੱਲਾ ਵਾਸੀ ਦੀ ਸਿਹਤ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਹੋਰ ਮਰੀਜ਼ ਸਾਹਮਣੇ ਆਵੇਗਾ ਤਾਂ ਉਸ ਦਾ ਇਲਾਜ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਪੁਲਿਸ ਕਮਿਸ਼ਨਰ ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲੰਗਰ ਅਤੇ ਰਾਸ਼ਨ ਵਰਤਾਉਣ ਦੀ ਆਗਿਆ ਉਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਹੀ ਦਿੱਤੀ ਜਾਵੇਗੀ, ਜੋ ਘੱਟੋ-ਘੱਟ 1000 ਵਿਅਕਤੀਆਂ ਲਈ ਲੰਗਰ ਵਰਤਾਉਣ ਦੇ ਸਮਰੱਥ ਹੋਣਗੀਆਂ। ਉਨ੍ਹਾਂ ਦੂਜੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਸੰਸਥਾਵਾਂ ਨਾਲ ਮਿਲ ਕੇ ਲੰਗਰ ਵੰਡਣ ਦਾ ਕੰਮ ਕਰ ਸਕਦੀਆਂ ਹਨ। ਅਜਿਹੀਆਂ ਸੰਸਥਾਵਾਂ ਨੂੰ ਵਿਅਕਤੀਗਤ ਤੌਰ 'ਤੇ ਲੰਗਰ ਵਰਤਾਉਣ ਦੀ ਆਗਿਆ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਰਾਸ਼ਨ ਦੀ ਸਪਲਾਈ ਦਾ ਕੰਮ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ 'ਚ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ।


Bharat Thapa

Content Editor

Related News