ਵਰਣਿਕਾ ਛੇੜਛਾੜ ਮਾਮਲਾ : ਮੁਲਜ਼ਮ ਆਸ਼ੀਸ਼ ਦੀ ਜ਼ਮਾਨਤ ਅਰਜ਼ੀ ਰੱਦ

01/19/2018 10:56:31 AM

ਚੰਡੀਗੜ੍ਹ (ਸੰਦੀਪ) : ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਸਹਿ-ਮੁਲਜ਼ਮ ਆਸ਼ੀਸ਼ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਵਿਕਾਸ ਬਰਾਲਾ ਦੀ ਜ਼ਮਾਨਤ ਨੂੰ ਆਸ਼ੀਸ਼ ਦੀ ਜ਼ਮਾਨਤ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ। ਆਸ਼ੀਸ਼ ਖਿਲਾਫ ਕੇਸ 'ਚ ਦੋਸ਼ ਕਾਫੀ ਸੰਗੀਨ ਹਨ। ਅਜਿਹੇ 'ਚ ਉਸ ਨੂੰ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ, ਇਸ ਲਈ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।
ਵਿਕਾਸ ਬਰਾਲਾ ਨੂੰ ਪਿਛਲੇ ਹਫਤੇ ਹਾਈਕੋਰਟ ਤੋਂ ਜ਼ਮਾਨਤ ਮਿਲਣ ਦਾ ਆਧਾਰ ਬਣਾਉਂਦੇ ਹੋਏ ਆਸ਼ੀਸ਼ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ। ਆਸ਼ੀਸ਼ ਵਲੋਂ ਦਾਖਲ ਪਟੀਸ਼ਨ 'ਚ ਦਲੀਲ ਦਿੱਤੀ ਗਈ ਸੀ ਕਿ ਸਹਿ-ਦੋਸ਼ੀ ਵਿਕਾਸ ਬਰਾਲਾ ਨੂੰ ਜ਼ਮਾਨਤ ਮਿਲ ਚੁੱਕੀ ਹੈ, ਅਜਿਹੇ 'ਚ ਉਸ ਨੂੰ ਹਿਰਾਸਤ 'ਚ ਰੱਖਣ ਦਾ ਕੋਈ ਆਧਾਰ ਨਹੀਂ ਹੈ ਤੇ ਉਸ ਨੂੰ ਵੀ ਜ਼ਮਾਨਤ ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਸ਼ਿਕਾਇਤਕਰਤਾ ਦੇ ਬਿਆਨ ਤੇ ਉਸਦਾ ਕ੍ਰਾਸ ਐਗਜ਼ਾਮੀਨੇਸ਼ਨ ਹੋ ਚੁੱਕਾ ਹੈ। ਅਜਿਹੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ਮੁਤਾਬਿਕ ਉਹ ਜ਼ਮਾਨਤ ਲਈ ਪਟੀਸ਼ਨ ਦਾਖਲ ਕਰਨ ਦਾ ਹੱਕਦਾਰ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਸ਼ੁਰੂ 'ਚ ਦਿੱਤੀ ਗਈ ਸ਼ਿਕਾਇਤ 'ਚ ਅਗਵਾ ਕਰਨ ਬਾਰੇ ਕੁਝ ਨਹੀਂ ਕਿਹਾ ਸੀ। ਇਹ ਧਾਰਾ ਬਾਅਦ 'ਚ ਜੋੜੀ ਗਈ ਹੈ। ਬਚਾਅ ਪੱਖ ਵਲੋਂ ਪੁਲਸ 'ਤੇ ਮਾਮਲੇ 'ਚ ਸਹੀ ਤਰੀਕੇ ਨਾਲ ਜਾਂਚ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਪੁਲਸ ਨੇ ਚਾਰਜਸ਼ੀਟ 'ਚ ਕਈ ਅਹਿਮ ਦਸਤਾਵੇਜ਼ ਤੇ ਸੀ. ਸੀ. ਟੀ. ਵੀ. ਫੁਟੇਜ ਸੌਂਪੀ ਹੀ ਨਹੀਂ ਹੈ।


Related News