ਵਰਨਾ ਕਾਰ ’ਤੇ ਆਏ ਲੁਟੇਰਿਆਂ ਨੇ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ, ਸੀਸੀਟੀਵੀ ''ਚ ਕੈਦ ਹੋਈ ਵਾਰਦਾਤ

Saturday, Nov 04, 2023 - 05:25 PM (IST)

ਵਰਨਾ ਕਾਰ ’ਤੇ ਆਏ ਲੁਟੇਰਿਆਂ ਨੇ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ, ਸੀਸੀਟੀਵੀ ''ਚ ਕੈਦ ਹੋਈ ਵਾਰਦਾਤ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਅੰਦਰ ਆਸ ਪਾਸ ਇਲਾਕੇ ਅੰਦਰ ਲੁੱਟਾ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਵਾਰਦਾਤ ਗੁਰਦਾਸਪੁਰ ਕਲਾਨੌਰ ਰੋਡ ’ਤੇ ਸਥਿਤ ਅੱਡਾ ਨੜਾਂ ਵਾਲੀ ਦੇ ਇਕ ਦੁਕਾਨਦਾਰ ਨਾਲ ਵਾਪਰੀ ਹੈ ਜਿਥੇ ਵਰਨਾ ਕਾਰ ’ਤੇ ਆਏ ਚਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ ਤੇ ਫਰਾਰ ਹੋ ਗਏ। ਲੁੱਟ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ ਜਿਸ ਵਿਚ ਦੁਕਾਨਦਾਰ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਕਰਦੇ ਲੁਟੇਰੇ ਸਾਫ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿਚ ਪੁਲਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਤਹਿਤ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੀਪ ਸਿੰਘ ਗੋਗਾ ਪੁੱਤਰ ਪਲਵਿੰਦਰ ਸਿੰਘ ਵਾਸੀ ਮੋੜ ਨੜਾਵਾਲੀ ਨੇ ਦੱਸਿਆ ਹੈ ਕਿ ਉਹ ਅੱਡਾ ਨੜਾਂਵਾਲੀ ਵਿਖੇ ਗੋਗਾ ਹੈਲਥ ਕੇਅਰ ਸੈਂਟਰ ਦੇ ਨਾਮ ਮੈਡੀਕਲ ਸਟੋਰ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਰਾਤ ਉਹ ਦੁਕਾਨ ਬੰਦ ਕਰਨ ਤੋਂ ਪਹਿਲਾ ਆਪਣੀ ਸ਼ਰਧਾ ਅਨੁਸਾਰ ਬਾਬਾ ਜੀ ਦੀ ਫੋਟੋ ਅੱਗੇ ਅਰਦਾਸ ਕਰ ਰਿਹਾ ਸੀ ਕਿ ਇਕ ਚਿੱਟੇ ਰੰਗ ਦੀ ਵਰਨਾ ਕਾਰ ਗੁਰਦਾਸਪੁਰ ਸਾਇਡ ਤੋਂ ਆ ਕੇ ਦੁਕਾਨ ਦੇ ਸਾਹਮਣੇ ਰੁੱਕ ਗਈ। ਕਾਰ ਵਿਚੋਂ 4 ਵਿਅਕਤੀ ਉੱਤਰੇ ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। 

ਉਕਤ ਵਿਅਕਤੀ ਦੁਕਾਨ ਦੇ ਅੰਦਰ ਆਏ ਜਿਨ੍ਹਾਂ ਵਿਚੋਂ ਇਕ ਵਿਅਕਤੀ ਕੋਲ ਕ੍ਰਿਪਾਨ, ਇੱਕ ਕੋਲ ਦਾਤਰ ਅਤੇ ਇੱਕ ਕੌਲ ਪਿਸਤੌਲ ਸੀ, ਜਿਨਾਂ ਨੇ ਦੁਕਾਨ ਦੇ ਅੰਦਰ ਆਉਂਦੇ ਸਾਰ ਹੀ ਜ਼ਬਰਦਸਤੀ ਦਸਤੀ ਹਥਿਆਰਾਂ ਦਾ ਡਰਾਵਾ ਦੇ ਕੇ ਉਸ ਦੀ ਪੈਂਟ ਦੀ ਪਿਛਲੀ ਜੇਬ੍ਹ ਵਿੱਚੋਂ ਉਸਦਾ ਪਰਸ ਜਿਸ ਵਿਚ ਕਰੀਬ 5000 ਰੁਪਏ, ਪੈਨ ਕਾਰਡ, ਡਰਾਈਵਿੰਗ ਲਾਈਸੈਸ, ਮੈਡੀਕਲ ਸਟੋਰ ਦਾ ਲਾਈਸੈਸ ਅਤੇ ਮੋਬਾਇਲ ਫੋਨ ਖੋਹ ਲਿਆ ਅਤੇ ਵਾਪਸ ਗੁਰਦਾਸਪੁਰ ਸਾਈਡ ਨੂੰ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Gurminder Singh

Content Editor

Related News