ਪੰਜਾਬ ਸਰਕਾਰ ਦੀ ਮੀਡੀਆ ਵਿਰੁੱਧ ਕਾਰਵਾਈ ਦੀ ਵੱਖ-ਵੱਖ ਵਪਾਰੀ ਆਗੂਆਂ ਤੇ ਰਾਜਨੀਤੀਵਾਨਾਂ ਵੱਲੋਂ ਆਲੋਚਨਾ
Saturday, Jan 24, 2026 - 12:02 AM (IST)
ਮਾਨਸਾ (ਸੰਦੀਪ ਮਿੱਤਲ) : ਪੰਜਾਬ ਕੇਸਰੀ ਸਮੂਹ 'ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਵੱਖ-ਵੱਖ ਵਪਾਰੀ ਆਗੂਆਂ, ਸਮਾਜ ਸੇਵੀਆਂ ਅਤੇ ਰਾਜਨੀਤਿਵਾਨਾਂ ਵੱਲੋਂ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਜਾ ਰਹੀ ਹੈ। ਕਰਿਆਨਾ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਸ਼ੈਲਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਅਮਰਨਾਥ ਬਿੱਲੂ, ਪੰਚਾਇਤ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬੀਰੋਕੇ, ਜਗਸੀਰ ਸਿੰਘ ਜੱਗਾ ਬਰਨਾਲਾ ਅਤੇ ਦਰਸ਼ਨ ਸਿੰਘ ਸਿੱਧੂ ਸੰਮਤੀ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ “ਯੁੱਧ ਮੀਡੀਆ ਵਿਰੁੱਧ” ਚਲਾਇਆ ਗਿਆ ਹੈ, ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਕੇਸਰੀ ਅਦਾਰਾ ਜਾਂ ਕੋਈ ਹੋਰ ਪੱਤਰਕਾਰੀ ਅਦਾਰਾ ਹੋਵੇ, ਸੱਤਾਧਾਰੀ ਸਰਕਾਰ ਵੱਲੋਂ ਕਦੇ ਵੀ ਉਸ ਨੂੰ ਆਪਣੀ ਧੌਂਸ ਨਾਲ ਦਬਾਉਣਾ ਨਹੀਂ ਚਾਹੀਦਾ, ਕਿਉਂਕਿ ਪ੍ਰੈੱਸ ਇੱਕ ਆਜ਼ਾਦ ਅਦਾਰਾ ਹੈ, ਉਹ ਸਭ ਦੀ ਸਾਂਝੀ ਗੱਲ ਕਰਦਾ ਹੈ। ਸੂਬਾ ਸਰਕਾਰ ਉਸ ਨੂੰ ਇਸ ਤਰ੍ਹਾਂ ਹਮਲੇ ਕਰਕੇ ਦਬਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਕਾਰਵਾਈ ਅਤੇ ਹਮਲੇ ਵਿਰੁੱਧ ਪੂਰੀ ਜਨਤਾ ਪੰਜਾਬ ਕੇਸਰੀ ਸਮੂਹ ਦਾ ਸਮਰਥਨ ਕਰਦੀ ਹੈ।
