ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ ''ਚ ਆਈ ਵਿਦਿਆਰਥਣ! ਹੋਈ ਦਰਦਨਾਕ ਮੌਤ

Saturday, Jun 13, 2026 - 06:41 PM (IST)

ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ ''ਚ ਆਈ ਵਿਦਿਆਰਥਣ! ਹੋਈ ਦਰਦਨਾਕ ਮੌਤ

ਬਠਿੰਡਾ (ਵਿਜੇ ਵਰਮਾ): ਸ਼ਨੀਵਾਰ ਸਵੇਰੇ ਸਥਾਨਕ ਰੇਲਵੇ ਪਲੇਟਫਾਰਮ ਨੇੜੇ ਰੇਲਵੇ ਲਾਈਨ ਪਾਰ ਕਰ ਰਹੀ ਇਕ 17 ਸਾਲਾ ਲੜਕੀ ਦੀ ਤੇਜ਼ ਰਫ਼ਤਾਰ ਵੰਦੇ ਭਾਰਤ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਨਾਲ ਰਾਮਪੁਰਾ ਫੂਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਜਦਕਿ ਇਕ ਹੋਣਹਾਰ ਵਿਦਿਆਰਥਣ ਦੇ ਸੁਨਹਿਰੇ ਸੁਪਨੇ ਹਮੇਸ਼ਾ ਲਈ ਟੁੱਟ ਗਏ। ਮ੍ਰਿਤਕਾ ਦੀ ਪਛਾਣ ਨੀਲਮ ਕੌਰ (17) ਪੁੱਤਰੀ ਰਾਜੂ ਸਿੰਘ ਵਾਸੀ ਗਾਂਧੀ ਨਗਰ, ਰਾਮਪੁਰਾ ਫੂਲ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਸਮਾਜ ਸੇਵਾ ਸੰਸਥਾ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਜੀ.ਆਰ.ਪੀ. ਦੀ ਮੌਜੂਦਗੀ ਵਿਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ ਗਿਆ।

ਜਾਣਕਾਰੀ ਅਨੁਸਾਰ ਨੀਲਮ ਦੇ ਪਿਤਾ ਰਾਜੂ ਸਿੰਘ ਸਬਜ਼ੀਆਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਦੋ ਭੈਣ-ਭਰਾਵਾਂ ਵਿਚ ਆਪਣੇ ਭਰਾ ਤੋਂ ਛੋਟੀ ਨੀਲਮ ਨੇ ਹਾਲ ਹੀ ਵਿਚ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਅੱਗੇ ਚੱਲ ਕੇ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣਨ ਦਾ ਸੁਪਨਾ ਸਜਾਇਆ ਹੋਇਆ ਸੀ। ਸ਼ਨੀਵਾਰ ਸਵੇਰੇ ਉਹ ਕਿਸੇ ਕੰਮ ਲਈ ਘਰੋਂ ਨਿਕਲੀ ਸੀ। ਸਵੇਰੇ ਕਰੀਬ 9:40 ਵਜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਬਠਿੰਡਾ ਤੋਂ ਦਿੱਲੀ ਵੱਲ ਜਾ ਰਹੀ ਤੇਜ਼ ਰਫ਼ਤਾਰ ਵੰਦੇ ਭਾਰਤ ਟ੍ਰੇਨ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਪਰਿਵਾਰ ਨੂੰ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲੀ ਤਾਂ ਘਰ ਵਿੱਚ ਮਾਤਮ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਰੇਲਵੇ ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ।

ਕਾਨੂੰਨ ਦੀ ਪੜ੍ਹਾਈ ਦਾ ਸੁਪਨਾ ਰਹਿ ਗਿਆ ਅਧੂਰਾ

ਪਰਿਵਾਰਕ ਮੈਂਬਰਾਂ ਅਨੁਸਾਰ ਨੀਲਮ ਪੜ੍ਹਾਈ ਵਿਚ ਕਾਫ਼ੀ ਹੋਣਹਾਰ ਸੀ ਅਤੇ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐੱਲ.ਐੱਲ.ਬੀ. ਕਰਕੇ ਵਕੀਲ ਬਣਨਾ ਚਾਹੁੰਦੀ ਸੀ। ਪਰ ਇਕ ਪਲ ਦੇ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ ਅਤੇ ਇਕ ਧੀ ਦੇ ਨਾਲ ਉਸ ਦੇ ਸੁਫ਼ਨੇ ਵੀ ਹਮੇਸ਼ਾ ਲਈ ਦਫ਼ਨ ਹੋ ਗਏ।


author

Anmol Tagra

Content Editor

Related News