ਮਾਨਸਾ ਤੇ ਬਠਿੰਡਾ ਦੀ ਪੁਲਸ ਨੂੰ ਨਵੀਂ ਦਿਸ਼ਾ ਦੇਣ ਵਾਲੇ 2 ਆਈ. ਪੀ. ਐੱਸ. ਅਧਿਕਾਰੀ ਤਬਦੀਲ
Saturday, Sep 05, 2026 - 01:04 PM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਦੇ ਐੱਸ. ਐੱਸ. ਪੀ. ਭਗੀਰਥ ਸਿੰਘ ਮੀਨਾ ਅਤੇ ਬਠਿੰਡਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ, ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਰੱਖਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਪ੍ਰਭਾਵਸ਼ਾਲੀ ਮੁਹਿੰਮ ਚਲਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸਮਾਜ ਸੇਵੀਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਹਾਲਾਂਕਿ ਦੋਵਾਂ ਅਧਿਕਾਰੀਆਂ ਦੇ ਤਬਾਦਲੇ ਨੂੰ ਲੈ ਕੇ ਲੋਕਾਂ ’ਚ ਨਿਰਾਸ਼ਾ ਵੀ ਪ੍ਰਗਟ ਕੀਤੀ ਜਾ ਰਹੀ ਹੈ। ਉੱਘੇ ਸਮਾਜ ਸੇਵੀ ਪ੍ਰਕਾਸ਼ ਚੰਦ ਕੁਲਰੀਆਂ, ਪ੍ਰਮੋਦ ਕੁਮਾਰ ਰੱਲਾ, ਕਰਿਆਨਾ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ ਅਤੇ ਉੱਘੇ ਸਮਾਜ ਸੇਵੀ ਨੰਦ ਕਿਸ਼ੋਰ ‘ਸੋਲਰ ਵਾਲੇ’ ਨੇ ਕਿਹਾ ਕਿ ਦੋਵਾਂ ਅਧਿਕਾਰੀਆਂ ਨੇ ਆਪਣੀ-ਆਪਣੀ ਪੁਲਸ ਟੀਮ ਨਾਲ ਮਿਲ ਕੇ 24 ਘੰਟੇ ਜ਼ਿਲਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਗੰਭੀਰਤਾ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦਿਆਂ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਦੇ ਨਾਲ-ਨਾਲ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ।
ਇਸੇ ਤਰ੍ਹਾਂ ਟ੍ਰੈਫਿਕ ਨਿਯਮਾਂ, ਸਾਈਬਰ ਕ੍ਰਾਈਮ ਅਤੇ ਹੋਰ ਸਮਾਜਿਕ ਬੁਰਾਈਆਂ ਸਬੰਧੀ ਪੁਲਸ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ। ਸਮਾਜ ਸੇਵੀਆਂ ਨੇ ਕਿਹਾ ਕਿ ਪੁਲਸ ਅਤੇ ਲੋਕਾਂ ਵਿਚਕਾਰ ਭਰੋਸੇ ਦੀ ਦੂਰੀ ਘਟਾਉਣ ਲਈ ਦੋਵਾਂ ਅਧਿਕਾਰੀਆਂ ਨੇ ਵਿਸ਼ੇਸ਼ ਤਵਜੋਂ ਦਿੱਤੀ। ਧਰਨਾਕਾਰੀਆਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਬਣਦੀ ਪੱਧਰ ’ਤੇ ਪਹੁੰਚਾਉਣ ਅਤੇ ਹੱਲ ਕਰਵਾਉਣ ਦੇ ਯਤਨ ਕੀਤੇ ਗਏ। ਮੀਡੀਆ ਰਾਹੀਂ ਵੀ ਲੋਕਾਂ ਨੂੰ ਕਾਨੂੰਨ, ਸੁਰੱਖਿਆ ਅਤੇ ਸਮਾਜਿਕ ਬੁਰਾਈਆਂ ਸਬੰਧੀ ਜਾਗਰੂਕ ਕਰਨ ’ਚ ਪੁਲਸ ਪ੍ਰਸ਼ਾਸਨ ਦੀ ਭੂਮਿਕਾ ਅਹਿਮ ਰਹੀ।
ਸਮਾਜ ਸੇਵੀਆਂ ਨੇ ਕਿਹਾ ਕਿ ਕਿਸੇ ਵੀ ਪੁਲਸ ਅਧਿਕਾਰੀ ਦੀ ਕਾਰਗੁਜ਼ਾਰੀ ਦਾ ਅਸਲ ਮੁੱਲਾਂਕਣ ਉਸ ਵੱਲੋਂ ਆਮ ਲੋਕਾਂ ਨਾਲ ਬਣਾਏ ਰਿਸ਼ਤੇ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਉਸ ਦੀ ਵਚਨਬਧਤਾ ਤੋਂ ਹੁੰਦਾ ਹੈ। ਉਨ੍ਹਾਂ ਅਨੁਸਾਰ ਦੋਵਾਂ ਆਈ. ਪੀ. ਐੱਸ. ਅਧਿਕਾਰੀਆਂ ਨੇ ਮਿਹਨਤ, ਨਿਡਰਤਾ ਅਤੇ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਵੱਡੇ ਜ਼ਿਲਿਆਂ ਦੀ ਜ਼ਿੰਮੇਵਾਰੀ ਦੇਣ ਦੀ ਬਜਾਏ ਹੈੱਡਕੁਆਰਟਰ ਤਬਦੀਲੀ ’ਤੇ ਸਵਾਲ ਸਮਾਜ ਸੇਵੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਵੱਡੇ ਅਤੇ ਚੁਣੌਤੀਪੂਰਨ ਜ਼ਿਲਿਆਂ ’ਚ ਵਰਤਣ ਦੀ ਬਜਾਏ ਪੰਜਾਬ ਹੈੱਡਕੁਆਰਟਰ ਵਿਖੇ ਤਬਦੀਲ ਕਰਨ ਦੇ ਫੈਸਲੇ ਤੋਂ ਉਹ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਪ੍ਰਸ਼ਾਸਨਿਕ ਫੈਸਲਾ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਫੈਸਲੇ ’ਤੇ ਅਫਸੋਸ ਜ਼ਾਹਿਰ ਕਰਨਾ ਸੁਭਾਵਿਕ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਿਹਨਤੀ, ਈਮਾਨਦਾਰ ਅਤੇ ਲੋਕ-ਪੱਖੀ ਅਧਿਕਾਰੀਆਂ ਦੀ ਕਾਬਲੀਅਤ ਨੂੰ ਲੋਕ ਹਿੱਤ ’ਚ ਵੱਧ ਤੋਂ ਵੱਧ ਵਰਤਿਆ ਜਾਵੇ, ਤਾਂ ਜੋ ਪੁਲਸ ਅਤੇ ਆਮ ਲੋਕਾਂ ਵਿਚਕਾਰ ਬਣਿਆ ਭਰੋਸਾ ਹੋਰ ਮਜ਼ਬੂਤ ਹੋ ਸਕੇ।
