ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ

Monday, Sep 07, 2026 - 01:56 PM (IST)

ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ

ਮਾਨਸਾ (ਮਨਜੀਤ ਕੌਰ) : ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.) 2026 ਤਹਿਤ ਜ਼ਿਲ੍ਹਾ ਮਾਨਸਾ ਦੇ ਸਾਰੇ 650 ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਭਾਰਤ ਚੋਣ ਕਮਿਸ਼ਨ ਵਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਦੂਜੇ ਪੜ੍ਹਾਅ ਤਹਿਤ ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੇ ਕੰਮ 'ਚ ਲੱਗੇ ਬੀ. ਐੱਲ. ਓਜ਼. ਨੂੰ ਨਿਰਦੇਸ਼ ਦਿੱਤੇ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਦੂਜੇ ਪੜ੍ਹਾਅ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇੰਨ੍ਹਾ ਸਪੈਸ਼ਲ ਕੈਂਪਸ ਦੌਰਾਨ ਵੋਟਰਾਂ ਦੀ ਸੁਵਿਧਾ ਲਈ ਸਾਰੇ ਬੂਥ ਲੈਵਲ ਅਫ਼ਸਰ (ਬੀ. ਐੱਲ. ਓਜ਼.) ਕੈਂਪਾਂ 'ਚ ਮੌਜੂਦ ਰਹੇ। ਵੱਡੀ ਗਿਣਤੀ ਨਾਗਰਿਕਾਂ ਨੇ ਲੋੜੀਂਦੇ ਫਾਰਮ ਭਰ ਕੇ ਮੌਕੇ ’ਤੇ ਹੀ ਆਪਣੇ ਬੀ. ਐੱਲ. ਓਜ਼. ਕੋਲ ਜਮ੍ਹਾ ਕਰਵਾਏ। ਇਨ੍ਹਾਂ 'ਚ ਨਵੀਂ ਵੋਟ ਲਈ ਫਾਰਮ ਨੰ. 6, ਐੱਨ. ਆਰ. ਆਈ. ਵੋਟਰ ਵਜੋਂ ਦਰਜ ਹੋਣ ਲਈ ਫਾਰਮ ਨੰ. 6-ਏ ਅਤੇ ਪਤਾ ਬਦਲਣ, ਸ਼ਿਫਟਿੰਗ ਜਾਂ ਵੇਰਵਿਆਂ ਵਿਚ ਸੁਧਾਰ ਲਈ ਫਾਰਮ ਨੰ. 8 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰ ਕਾਰਡ, ਵੋਟਰ ਸੇਵਾਵਾਂ ਅਤੇ ਐਸ.ਆਈ.ਆਰ. ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲਾ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ’ਤੇ ਬਣੇ ਹੈਲਪ ਡੈਸਕ ਤੋਂ ਇਲਾਵਾ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰ. 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
 


author

Babita

Content Editor

Related News