ਵਾਲਮੀਕਿ ਸਮਾਜ ਦਾ ਵਫਦ ਰਾਹੁਲ ਗਾਂਧੀ ਨੂੰ ਮਿਲਿਆ
Sunday, Mar 04, 2018 - 11:21 AM (IST)

ਬਾਘਾਪੁਰਾਣਾ (ਚਟਾਨੀ) - ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਵਾਲਮੀਕਿ ਸਮਾਜ ਦਾ ਵਫਦ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਮਿਲਿਆ। ਇਹ ਵਫਦ ਸਮਾਜ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਸਹੋਤਾ ਦੀ ਅਗਵਾਈ ਹੇਠ ਗਿਆ। ਇਸ ਮੌਕੇ ਆਗੂਆਂ ਅਮਰਜੀਤ ਸਿੰਘ ਸੱਭਰਵਾਲ, ਕਰਮਚੰਦ ਚਿੰਡਾਲੀਆ, ਮਾਸਟਰ ਮਹਿੰਦਰ ਪਾਲ ਹੁਰਾਂ ਨੇ ਸ਼੍ਰੀ ਗਾਂਧੀ ਨੂੰ ਦੱਸਿਆ ਕਿ ਗੈਰ ਕਾਂਗਰਸੀ ਸਰਕਾਰਾਂ ਨੇ ਵਾਲਮੀਕਿ ਸਮਾਜ ਦੀਆਂ ਮੁਸ਼ਕਲਾਂ ਨੂੰ ਹਮੇਸ਼ਾ ਹੀ ਅਣਗੌਲਿਆਂ ਕੀਤਾ ਅਤੇ ਬਣਦੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ, ਇਹੀ ਕਾਰਨ ਹੈ ਕਿ ਅੱਜ ਵਾਲਮੀਕਿ ਸਮਾਜ ਪ੍ਰੇਸ਼ਾਨੀਆਂ ਦੇ ਆਲਮ 'ਚੋਂ ਲੰਘ ਰਿਹਾ ਹੈ। ਸ਼੍ਰੀ ਸਹੋਤਾ ਨੇ ਸ਼੍ਰੀ ਗਾਂਧੀ ਤੋਂ ਮੰਗ ਕੀਤੀ ਕਿ ਅਕਾਲੀ ਕਾਰਜਕਾਲ ਦੌਰਾਨ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਆਸ਼ਰਮ ਦੇ ਪ੍ਰਬੰਧਾਂ ਲਈ ਗਠਿਤ ਕੀਤੇ ਗਏ ਸ਼੍ਰਾਈਨ ਬੋਰਡ ਨੂੰ ਭੰਗ ਕਰ ਕੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ 'ਤੇ ਆਧਾਰਿਤ ਬੋਰਡ ਗਠਿਤ ਕੀਤਾ ਜਾਵੇ ਤਾਂ ਜੋ ਆਸ਼ਰਮ ਦੇ ਪ੍ਰਬੰਧਾਂ 'ਚ ਕੁਸ਼ਲਤਾ ਆ ਸਕੇ।
ਵਫਦ ਨੇ ਰਾਹੁਲ ਗਾਂਧੀ ਕੋਲ ਇਹ ਮੁੱਦਾ ਵੀ ਉਠਾਇਆ ਕਿ ਮੰਤਰੀ ਮੰਡਲ, ਬੋਰਡ, ਕਾਰਪੋਰੇਸ਼ਨ ਅਤੇ ਕਮੇਟੀਆਂ ਅੰਦਰ ਮਜ਼ਬ੍ਹੀ ਸਿੱਖ, ਵਾਲਮੀਕਿ ਸਮਾਜ ਨੂੰ ਬਣਦੀ ਨੁਮਾਇੰਦਗੀ ਮੌਕੇ ਹੁੰਦੀ ਬੇਇਨਸਾਫੀ ਖਤਮ ਕਰ ਕੇ ਕੋਟੇ ਅਨੁਸਾਰ ਨਾਮਜ਼ਦਗੀਆਂ ਯਕੀਨੀ ਬਣਾਈਆਂ ਜਾਣ। ਇਸ ਦੌਰਾਨ ਕੇਵਲ ਸ਼ਤਾਬਗੜ੍ਹ, ਪਵਨ ਕੁਮਾਰ, ਰਾਜ ਕੁਮਾਰ, ਗੁਰਦੀਪ ਸਿੰਘ ਆਦਿ ਸ਼ਾਮਲ ਸਨ।