ਵਾਲਮੀਕਿ ਸਮਾਜ ਦਾ ਵਫ਼ਦ ਜ਼ਿਲਾ ਪੁਲਸ ਮੁਖੀ ਨੂੰ ਮਿਲਿਆ
Thursday, Feb 01, 2018 - 10:55 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਫੇਸਬੁੱਕ 'ਤੇ ਲਾਈਵ ਚਲਾ ਕੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਮਾਮਲਾ ਦਿਨ ਪ੍ਰਤੀ ਦਿਨ ਭੜਕਦਾ ਜਾ ਰਿਹਾ ਹੈ।
ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੋਣ ਤੋਂ ਬਾਅਦ ਗੁੱਸੇ 'ਚ ਆਏ ਵਾਲਮੀਕਿ ਸਮਾਜ ਨੇ ਮੀਟਿੰਗ ਕਰਨ ਉਪਰੰਤ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਨੂੰ ਖਾਲਸਾ ਦੀ ਗ੍ਰਿਫ਼ਤਾਰੀ ਲਈ ਮੰਗ-ਪੱਤਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 3 ਦਿਨ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਸੂਬਾ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੀ 26 ਜਨਵਰੀ ਨੂੰ ਸਿੱਖ ਵਿਰਸਾ ਕੌਂਸਲ ਦੇ ਆਗੂ ਜਸਵੀਰ ਸਿੰਘ ਖਾਲਸਾ ਨੇ ਵਾਲਮੀਕਿ ਸਮਾਜ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਰਾਮ ਤੀਰਥ ਅੰਮ੍ਰਿਤਸਰ ਸਬੰਧੀ ਫੇਸਬੁੱਕ 'ਤੇ ਲਾਈਵ ਵੀਡੀਓ ਚਲਾ ਕੇ ਕੁਝ ਕਿਹਾ ਸੀ, ਜਿਸ 'ਚ ਉਸ ਨੇ ਮੇਲਾ ਮਾਘੀ 'ਤੇ ਆਏ ਸਾਧੂਆਂ ਨੂੰ ਗਿਆਨ ਨਾਥ ਆਸ਼ਰਮ (ਰਾਮ ਤੀਰਥ) ਅੰਮ੍ਰਿਤਸਰ ਦੇ ਚੇਲੇ ਦੱਸ ਕੇ ਸਾਧੂਆਂ ਨੂੰ ਆਪਣੇ ਨਾਲ ਸ਼ਰਾਬ ਲੈ ਕੇ ਘੁੰਮਣ ਦੀ ਗੱਲ ਕਹੀ ਸੀ। ਵਾਲਮੀਕਿ ਭਾਈਚਾਰੇ ਦਾ ਕਹਿਣਾ ਹੈ ਕਿ ਆਸ਼ਰਮ ਦੇ ਪ੍ਰਤੀ ਅਪਸ਼ਬਦ ਬੋਲਣ ਨਾਲ ਸਮੂਹ ਵਾਲਮੀਕਿ ਸਮਾਜ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਸਬੰਧੀ ਉਨ੍ਹਾਂ ਨੇ 27 ਜਨਵਰੀ ਨੂੰ ਸਿਟੀ ਛਾਣੇ ਵਿਚ ਸ਼ਿਕਾਇਤ ਦਿੱਤੀ ਸੀ ਹਾਲਾਂਕਿ ਪੁਲਸ ਨੇ ਉਸੇ ਦਿਨ ਹੀ ਜਸਵੀਰ ਸਿੰਘ ਖਾਲਸਾ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਹ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਉੱਧਰ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਖਾਲਸਾ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
