ਪ੍ਰੇਮ ਪ੍ਰੀਖਿਆ ਦੀਆਂ ਹੋਣ ਲੱਗੀਆਂ ਤਿਆਰੀਆਂ

02/06/2018 11:51:03 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਇਕ ਸਾਲ ਤੋਂ ਦਿਲ ਹੀ ਦਿਲ 'ਚ ਕਿਸੇ ਨੂੰ ਆਪਣਾ ਬਣਾਉਣ ਦੀ ਚਾਹਤ ਪਾਲ ਰਹੀ ਨੌਜਵਾਨ ਧੜਕਣ ਹੁਣ ਪ੍ਰੇਮ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੀ ਹੈ। ਦਿਲ ਹੀ ਦਿਲ 'ਚ ਆਪਣੇ ਆਪ ਨਾਲ ਗੱਲਾਂ ਹੋ ਰਹੀਆਂ ਹਨ ਕਿ ਕਿਸ ਤਰ੍ਹਾਂ ਸ਼ਾਲੀਨਤਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ। ਦਿਲ ਦੀ ਗੱਲ ਦਿਲ ਤੱਕ ਪਹੁੰਚਾਉਣ ਦਾ ਨਵਾਂ ਤਰੀਕਾ ਲੱਭ ਰਹੇ ਪ੍ਰੇਮ ਪ੍ਰੀਖਿਆਰਥੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਆਪਣੇ ਅਜ਼ੀਜ਼ ਦੋਸਤ ਨੂੰ ਪ੍ਰਪੋਜ਼ਲ ਦੇਣ ਦੀ ਪ੍ਰੀਖਿਆ ਨੇੜੇ ਆ ਚੁਕੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵੈਲੇਨਟਾਈਨ ਵੀਕ ਦੀ। 14 ਫਰਵਰੀ ਨੂੰ ਵੈਲੇਨਟਾਈਨ ਦਾ ਨਾਂ ਆਉਂਦੇ ਹੀ ਨੌਜਵਾਨਾਂ ਦੀ ਹਾਰਟ ਬੀਟ ਜ਼ੋਰ ਫੜ ਲੈਂਦੀ ਹੈ। ਹੋਵੇ ਵੀ ਕਿਉਂ ਨਾ ਪਿਆਰ ਦਾ ਅਹਿਸਾਸ ਜਿੰਨਾ ਪਿਆਰਾ ਹੁੰਦਾ ਹੈ, ਓਨਾ ਹੀ ਉਸ ਨੂੰ ਗੁਆ ਦੇਣ ਦਾ ਖ਼ਤਰਾ ਵੀ ਹੁੰਦਾ ਹੈ। ਫਿਲਹਾਲ ਵੈਲੇਨਟਾਈਨ ਡੇ ਦਾ ਅਹਿਸਾਸ ਨੌਜਵਾਨਾਂ ਨੂੰ ਆਪਣੇ ਆਗੋਸ਼ 'ਚ ਲੈਣ ਲਈ ਤਿਆਰ ਹੈ। 
ਕੌਣ ਸੀ ਸੰਤ ਵੈਲੇਨਟਾਈਨ  : ਰੋਮ ਵਿਚ ਤੀਜੀ ਸਦੀ 'ਚ ਸਮਰਾਟ ਕਲਾਡੀਅਸ ਦਾ ਰਾਜ ਸੀ। ਉਸ ਦਾ ਸੋਚਣਾ ਸੀ ਕਿ ਵਿਆਹ ਕਰਨ ਨਾਲ ਮਰਦਾਂ ਦੀ ਸ਼ਕਤੀ ਅਤੇ ਬੁੱਧੀ ਘੱਟ ਜਾਂਦੀ ਹੈ, ਜਿਸ ਕਾਰਨ ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਉਸ ਦਾ ਕੋਈ ਸੈਨਿਕ ਜਾਂ ਅਧਿਕਾਰੀ ਵਿਆਹ ਨਹੀਂ ਕਰੇਗਾ। ਸੰਤ ਵੈਲੇਨਟਾਈਨ ਨੇ ਇਸ ਆਦੇਸ਼ ਦਾ ਵਿਰੋਧ ਕੀਤਾ ਅਤੇ ਅਨੇਕਾਂ ਸੈਨਿਕਾਂ ਅਤੇ ਅਧਿਕਾਰੀਆਂ ਦੇ ਵਿਆਹ ਕਰਵਾਏ। ਆਖ਼ਿਰ ਕਲਾਡੀਅਸ ਨੇ 14 ਫਰਵਰੀ ਸੰਨ 269 ਨੂੰ ਸੰਤ ਵੈਲੇਨਟਾਈਨ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ। ਉਦੋਂ ਤੋਂ ਹੀ ਇਸ ਦਿਨ ਨੂੰ ਪ੍ਰੇਮ ਦਿਵਸ ਭਾਵ ਵੈਲੇਨਟਾਈਨ ਦਿਵਸ ਜਾਂ ਸੰਤ ਵੈਲੇਨਟਾਈਨ ਦਿਵਸ ਵਜੋਂ ਮਨਾਇਆ ਜਾਣ ਲੱਗਾ। 
ਹਰ ਰੰਗ ਦਾ ਗੁਲਾਬ ਕੁਝ ਕਹਿੰਦੈ : ਖੁਸ਼ੀ ਅਤੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਫੁੱਲ ਵਰਗਾ ਤੋਹਫਾ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ। ਵੈਲੇਨਟਾਈਨ ਵੀਕ ਦੀ ਸ਼ੁਰੂਆਤ 7 ਫਰਵਰੀ ਨੂੰ ਰੋਜ਼ ਡੇ ਨਾਲ ਹੋ ਰਹੀ ਹੈ। ਉਂਝ ਤਾਂ ਲਾਲ ਗੁਲਾਬ ਨੂੰ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਰੋਜ਼ ਡੇ 'ਤੇ ਲਾਲ, ਪੀਲੇ, ਗੁਲਾਬੀ ਗੁਲਾਬਾਂ ਦਾ ਜਲਵਾ ਰਹਿੰਦਾ ਹੈ। ਪੀਲਾ ਗੁਲਾਬ ਜਿਥੇ ਦੋਸਤੀ ਦਾ ਪ੍ਰਤੀਕ ਹੈ, ਉਥੇ ਗੁਲਾਬੀ ਰੰਗ ਦਾ ਗੁਲਾਬ ਕਿਸੇ ਖਾਸ ਲਈ ਹੁੰਦਾ ਹੈ ਜਦੋਂਕਿ ਇਹ ਦੋਵੇਂ ਗੁਲਾਬ ਆਪਣੇ ਦਿਲ ਦੀ ਗੱਲ ਵੀ ਕਹਿ ਦਿੰਦੇ ਹਨ। ਲਾਲ ਗੁਲਾਬ ਦੇ ਕੇ ਦਿਲ ਦੀ ਗੱਲ ਬਿਆਨ ਕਰਨ ਸਮੇਂ ਸਾਹ ਅਟਕਿਆ ਰਹਿੰਦਾ ਹੈ ਪਰ ਪੀਲੇ ਅਤੇ ਗੁਲਾਬੀ ਰੰਗ ਦੇ ਗੁਲਾਬ ਇਸ ਡਰ ਨੂੰ ਖਤਮ ਕਰਦੇ ਹਨ। 

ਪ੍ਰੇਮ ਪ੍ਰੀਖਿਆ ਦੀ ਡੇਟਸ਼ੀਟ 

ਦਿਨ   ਡੇ 
7 ਫਰਵਰੀ ਰੋਜ਼ ਡੇ 
8 ਫਰਵਰੀ ਪ੍ਰਪੋਜ਼ ਡੇ 
9 ਫਰਵਰੀ ਚਾਕਲੇਟ ਡੇ 
10 ਫਰਵਰੀ ਟੈਡੀ ਡੇ 
11 ਫਰਵਰੀ ਪ੍ਰਾਮਿਸ ਡੇ 
12 ਫਰਵਰੀ ਹਗ ਡੇ 
13 ਫਰਵਰੀ ਕਿਸ ਡੇ 
14 ਫਰਵਰੀ ਵੈਲੇਨਟਾਈਨਸ ਡੇ 

 


Related News