ਇਹ ਕਿਹੋ ਜਿਹਾ ਪ੍ਰੇਮ : ਵੈਲੇਨਟਾਈਨ ਡੇਅ ਅਤੇ ਪ੍ਰੇਮੀ ਜੋੜਿਆਂ ਵਲੋਂ ਆਤਮਹੱਤਿਆ

02/08/2020 5:24:55 PM

ਜਗ ਬਾਣੀ ਵਿਸ਼ੇਸ਼ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਜਿੱਥੇ ਇਕ ਪਾਸੇ ਵੈਲੇਟਾਈਨ ਡੇਅ ਮਨਾਇਆ ਜਾ ਰਿਹਾ ਹੈ, ਉੱਥੇ ਇਨ੍ਹਾਂ ਦਿਨਾਂ ਦੌਰਾਨ ਪੰਜਾਬ ਦੇ ਮੋਗਾ ਜ਼ਿਲੇ ਵਿਚ ਦੋ ਪ੍ਰੇਮੀ ਜੋੜਿਆਂ ਵਲੋਂ ਇਕੋ ਦਿਨ ਕੀਤੀ ਖੁਦਕੁਸ਼ੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਗੱਲ ਪਿਆਰ ਦੀ ਕਰੀਏ ਤਾਂ ਇਸਨੂੰ ਮਨੁੱਖ ਦਾ ਸਭ ਤੋਂ ਪਵਿੱਤਰ ਅਤੇ ਸ਼ਕਤੀਸ਼ਾਲੀ ਜਜ਼ਬਾ ਮੰਨਿਆ ਜਾਂਦਾ ਹੈ। ਇਕ ਸੱਚਾ ਪ੍ਰੇਮੀ ਆਪਣੇ ਮਹਿਬੂਬ ਨੂੰ ਪਾਉਣ ਅਤੇ ਖੁਸ਼ ਦੇਖਣ ਦੀ ਖਾਤਿਰ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਪਿਆਰ ਜੀਵਨ ਦੀ ਉਹ ਉਮੰਗ ਹੈ, ਜੋ ਪਹਾੜਾਂ ਨਾਲ ਮੱਥਾ ਲਾਉਣਾ ਤਾਂ ਮਨਜ਼ੂਰ ਕਰ ਲੈਂਦੀ ਹੈ ਪਰ ਕਦੇ ਹਾਰ ਨਹੀਂ ਮੰਨਦੀ। ਹੀਰ-ਰਾਂਝਾ, ਸ਼ੀਰੀ-ਫਰਹਾਦ, ਸੇਂਟ ਵੈਲੇਨਟਾਈਨ ਆਦਿ ਆਸ਼ਕਾਂ ਦਾ ਪਿਆਰ ਇਸ ਦੀਆਂ ਉੱਤਮ ਮਿਸਾਲਾਂ ਹਨ। ਅਜੋਕੇ ਯੁੱਗ ਦਾ ਪਿਆਰ ਮਹਿਬੂਬ ਨੂੰ ਪਾਉਣ ਲਈ ਜੱਦੋ-ਜਹਿਦ ਕਰਨ ਦੀ ਬਜਾਏ ਆਤਮਹੱਤਿਆ ਕਰਨ ਦੇ ਰਾਹ ਪੈਣ ਲੱਗਾ ਹੈ, ਜੋ ਕਿ ਬਹੁਤ ਹੀ ਗਲਤ ਪ੍ਰਵਿਰਤੀ ਹੈ। ਆਤਮ ਹੱਤਿਆ ਕਰਨ ਵਾਲੇ ਇਹ ਜੋੜੇ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਜੰਮਿਆ-ਪਾਲ਼ਿਆ, ਪੜ੍ਹਾਇਆ-ਲਿਖਾਇਆ ਅਤੇ ਉਨ੍ਹਾਂ ਲਈ ਅਨੇਕਾਂ ਸੁਪਨੇ ਵੀ ਸੰਜੋਏ ਹਨ। 
ਪ੍ਰੇਮ ਸਬੰਧਾਂ ਦੇ ਚੱਲਦਿਆਂ ਆਤਮਹੱਤਿਆਵਾਂ ਦੇ ਮਾਮਲੇ ’ਚ ਮੋਗਾ ਜ਼ਿਲ੍ਹੇ ਇਕੋ ਦਿਨ ਦੋ ਘਟਨਾਵਾਂ ਵਾਪਰੀਆਂ। ਪਹਿਲੇ ਮਾਮਲੇ ਵਿਚ ਪਿੰਡ ਬਧਨੀ ਕਲਾਂ ਦੀ ਰਹਿਣ ਵਾਲੀ ਕੁੜੀ, ਜਿਸ ਦਾ ਨਾਂ ਨੇਹਾ ਗਰੋਵਰ  ਅਤੇ ਮੁੰਡੇ ਦਾ ਨਾਂ ਹੈਪੀ ਸਿੰਘ ਸੀ, ਇਸ ਪ੍ਰੇਮੀ ਜੋੜੇ ਨੇ ਨਹਿਰ ਦੇ ਕੋਲ ਫਾਹਾ ਲੈ ਕੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਦੋਵਾਂ ਨੇ ਇਕ ਵੀਡੀਓ ਬਣਾਈ ਅਤੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਇਕ ਹੀ ਜਗ੍ਹਾ 'ਤੇ ਕੀਤਾ ਜਾਵੇ।  ਇਸੇ ਤਰ੍ਹਾਂ ਦੀ ਘਟਨਾ ਮੋਗਾ ਦੇ ਪਿੰਡ ਸਿੰਘਾਵਾਲਾ 'ਚ ਵੀ ਵਾਪਰੀ। ਆਤਮਹੱਤਿਆ ਕਰਨ ਵਾਲੇ ਇਸ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ। ਕੁੜੀ ਦਾ ਨਾਂ ਰਮਨਦੀਪ ਕੌਰ ਜੋ ਕਿ 10ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਮੁੰਡਾ ਬਾਊਂਸਰ ਦਾ ਕੰਮ ਕਰਦਾ ਸੀ। ਇਹ ਜੋੜਾ ਪਿੰਡ ਚੰਦਪੁਰਾਣਾ ਦਾ ਰਹਿਣ ਵਾਲਾ ਸੀ। ਇਹ ਘਟਨਾਵਾਂ ਜਿੱਥੇ ਪਿਆਰ ਵਰਗੇ ਪਵਿੱਤਰ ਜਜ਼ਬੇ ਦੀ ਤੌਹੀਨ ਕਰਦੀਆਂ ਹਨ, ਉੱਥੇ ਸਾਡੇ ਸਮਾਜ ਦੇ ਕਰੂਰ ਚਿਹਰੇ ਨੂੰ ਦਰਸਾਉਂਦੀਆਂ ਹਨ। 21ਵੀਂ ਸਦੀ ਵਿਚ ਪਹੁੰਚ ਕੇ ਅਸੀਂ ਇੰਨੇ ਕੁ ਆਜ਼ਾਦ ਖਿਆਲ ਵੀ ਨਹੀਂ ਹੋਏ ਕਿ ਇਕ ਮੁੰਡੇ-ਕੁੜੀ ਨੂੰ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣ ਦੀ ਆਗਿਆ ਦੇ ਸਕੀਏ। 

ਸਾਲ 2018 ਵਿਚ 5 ਹਜ਼ਾਰ ਤੋਂ ਵੱਧ ਮੌਤਾਂ 
ਦੇਸ਼ ਭਰ ਵਿਚ ਪ੍ਰੇਮ ਸਬੰਧਾਂ ਦੇ ਚਲਦਿਆਂ ਆਏ ਦਿਨ ਅਨੇਕਾਂ ਆਤਮਹੱਤਿਆਵਾਂ ਹੁੰਦੀਆਂ ਹਨ। ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ’ਤੇ ਝਾਤੀ ਮਾਰੀਏ ਤਾਂ ਦੇਸ਼ ਵਿਚ ਸਾਲ 2018 ਦੌਰਾਨ ਪਿਆਰ ਵਿਚ ਕੀਤੀ ਆਤਮਹੱਤਿਆ ਦੇ 5342 ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਵਿਚ 3077 ਮਰਦ ਅਤੇ 2265 ਔਰਤਾਂ ਸ਼ਾਮਲ ਸਨ। ਆਤਮਹੱਤਿਆ ਕਰਨ ਵਾਲਿਆਂ ਵਿਚ ਵਧੇਰੇ ਦਰ 18 ਤੋਂ 30 ਸਾਲ ਦੇ ਨੌਜਵਾਨਾਂ ਦੀ ਹੈ। ਇਨ੍ਹਾਂ ਮਾਮਲਿਆਂ ਵਿਚ 2168 ਮਰਦ ਅਤੇ 1335 ਕੁੜੀਆਂ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 3503 ਹੈ।

ਪਿਆਰ ਦੀ ਖਾਤਿਰ ਸਥਾਪਤੀ ਨਾਲ ਟੱਕਰ ਲੈਣ ਵਾਲੇ ਵੈਲੇਨਟਾਈਨ
ਤੀਜੀ ਸ਼ਤਾਬਦੀ ਵਿਚ ਰੋਮ ਦੇ ਸਮਰਾਟ ਕਲਾਡਿਆਸ ਨੇ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਉਸਦਾ ਕੋਈ ਸੈਨਿਕ ਜਾਂ ਅਧਿਕਾਰੀ ਵਿਆਹ ਨਹੀਂ ਕਰਵਾਏਗਾ। ਉਸ ਦਾ ਮੰਨਣਾ ਸੀ ਕਿ ਵਿਆਹ ਕਰਨ ਨਾਲ ਪੁਰਸ਼ਾਂ ਦੀ ਸ਼ਕਤੀ ਅਤੇ ਬੁੱਧੀ ਘੱਟ ਹੁੰਦੀ ਹੈ। ਸੰਤ ਵੈਲੇਨਟਾਈਨ ਨੇ ਇਸ ਫਰਮਾਨ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਅਨੇਕਾਂ ਸੈਨਿਕਾਂ ਅਤੇ ਅਧਿਕਾਰੀਆਂ ਨੇ ਵਿਆਹ ਕਰਵਾ ਲਏ। ਆਖਿਰਕਾਰ ਕਲਾਡਿਆਸ ਨੇ 14 ਫਰਵਰੀ ਸਾਲ 269 ਨੂੰ ਸੰਤ ਵੈਲੇਨਟਾਈਨ ਨੂੰ ਫਾਂਸੀ 'ਤੇ ਚਾੜ੍ਹ ਦਿੱਤਾ। ਉਦੋਂ ਤੋਂ ਉਸ ਦੀ ਯਾਦ 'ਚ ਪ੍ਰੇਮ ਦਿਵਸ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। 
 


jasbir singh

News Editor

Related News