ਪੰਜਾਬ ਭਰ ਦੇ ਥਾਣੇ ਹੋਏ ਖਾਲੀ, ਗੰਨਮੈਨ ਲੈ ਕੇ ਘੁੰਮ ਰਹੇ ਹਨ ''ਸੋ ਕਾਲਡ ਵੀ. ਆਈ. ਪੀ'' : ਮਾਨ

Monday, Jun 18, 2018 - 07:56 AM (IST)

ਪੰਜਾਬ ਭਰ ਦੇ ਥਾਣੇ ਹੋਏ ਖਾਲੀ, ਗੰਨਮੈਨ ਲੈ ਕੇ ਘੁੰਮ ਰਹੇ ਹਨ ''ਸੋ ਕਾਲਡ ਵੀ. ਆਈ. ਪੀ'' : ਮਾਨ

ਫਿਰੋਜ਼ਪੁਰ  (ਕੁਮਾਰ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿ੍ਰਤਸਰ) ਦੇ ਰਾਸ਼ਟਰੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ  ਦੌਰਾਨ ਪੰਜਾਬ ਦੇ ਲੋਕਾਂ ਨਾਲ ਵੀ.ਆਈ.ਪੀ. ਕਲਚਰ ਖਤਮ ਕਰਨ ਦੇ ਦਾਅਵੇ ਕੀਤੇ ਗਏ ਸਨ, ਉਹ ਦਾਅਵੇ ਕਿੱਥੇ ਗਏ?
ਸ. ਮਾਨ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਭਰ ਵਿਚ ਮੰਤਰੀ ਵਿਧਾਇਕ ਅਤੇ ਵੱਡੇ ਆਗੂ ਗੱਡੀਆਂ 'ਤੇ ਲਾਲ ਬੱਤੀਆਂ ਨਹੀ ਲਾਉਣਗੇ ਅਤੇ ਗੰਨਮੈਨ ਵਾਲਾ ਕਲਚਰ ਪੰਜਾਬ ਵਿਚੋਂ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਤੇ ਵਿਧਾਇਕ, ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਿਆ ਕਰਨਗੇ ਅਤੇ ਉਨ੍ਹਾਂ ਦਾ ਹੱਲ ਕਰਿਆ ਕਰਨਗੇ ਪਰ ਅੱਜ ਜਦ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਹੈ ਤਾਂ ਪੰਜਾਬ ਭਰ ਵਿਚ ਵੀ.ਆਈ.ਪੀ. ਕਲਚਰ ਪਹਿਲਾਂ ਨਾਲ ਵੀ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੁਲਸ ਦੀ ਨਫਰੀ ਬਹੁਤ ਘੱਟ ਹੈ। ਇਥੇ ਪੁਲਸ ਅਧਿਕਾਰੀਆਂ ਨੇ ਆਪਣੇ ਪੱਧਰ 'ਤੇ ਛੋਟੇ ਤੋਂ ਲੈ ਕੇ ਵੱਡੇ ਆਗੂਆਂ ਨੂੰ ਗੰਨਮੈਨ ਦਿੱਤੇ ਹੋਏ ਹਨ।  ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਪੰਜਾਬ ਅਤੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਭਰ ਦੇ ਸਾਰੇ ਐੱਸ.ਐੱਸ.ਪੀਜ਼ ਤੋਂ ਰਿਪੋਰਟ ਮੰਗਵਾਉਣ ਅਤੇ ਆਪਣੇ ਪੱਧਰ 'ਤੇ ਏਜੰਸੀਆਂ ਰਾਹੀਂ ਇਸ ਗੱਲ ਦਾ ਪਤਾ ਲਾਉਣ ਕਿ ਕੌਣ-ਕੌਣ ਆਗੂ ਕਿੰਨੇ-ਕਿੰਨੇ ਗੰਨਮੈਨ ਲੈ ਕੇ ਘੁੰਮ ਰਿਹਾ ਹੈ ਅਤੇ ਉਨ੍ਹਾਂ ਦੀ ਹਾਜ਼ਰੀ ਕਿੱਥੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਥਾਣੇ ਖਾਲੀ ਪਏ ਹਨ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ। ਪੰਜਾਬ ਵਿਚ ਲੁੱਟਾਂ-ਖੋਹਾਂ, ਚੋਰੀਆਂ, ਡਕੈਤੀਆਂ ਤੇ ਕਤਲ ਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਇਥੋਂ ਤੱਕ ਕਿ ਪੰਜਾਬ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵੀ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਆਪਣੇ ਪੱਧਰ 'ਤੇ ਗੰਨਮੈਨ ਦੇਣ ਵਾਲੇ ਐੱਸ.ਐੱਸ.ਪੀ. ਦੀ ਨਿੱਜੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਨੇ ਆਪਣੇ ਪੱਧਰ 'ਤੇ ਕਿਸੇ ਨੂੰ ਗੰਨਮੈਨ ਤੇ ਸੁਰੱਖਿਆ ਦਿੱਤੀ ਹੈ ਤਾਂ ਉਨ੍ਹਾਂ ਕਰਮਚਾਰੀਆਂ ਦੀ ਤਨਖਾਹ ਸਬੰਧਤ ਜ਼ਿਲੇ ਦੇ ਐੱਸ.ਐੱਸ.ਪੀ. ਦੀ ਤਨਖਾਹ ਵਿਚੋਂ ਕੱਟੀ ਜਾਣੀ ਚਾਹੀਦੀ ਹੈ।
ਮਾਨ ਨੇ ਕਿਹਾ ਕਿ ਜੇਕਰ 7 ਦਿਨਾਂ ਦੇ ਅੰਦਰ-ਅੰਦਰ ਡੀ.ਜੀ.ਪੀ. ਪੰਜਾਬ ਨੇ '' ਸੋ ਕਾਲਡ'' ਆਗੂਆਂ ਅਤੇ ਵੀ.ਆਈ.ਪੀ. ਨੂੰ ਦਿੱਤੇ ਗੰਨਮੈਨ ਵਾਪਸ ਨਾ  ਲਏ ਤਾਂ ਸਾਡੇ ਵਰਕਰ ਸਾਰੇ ਜ਼ਿਲਿਆਂ ਦੀਆਂ ਵੀਡੀਓਜ਼ ਤਿਆਰ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕਰਨਗੇ ਅਤੇ ਸਰਕਾਰ ਨੂੰ ਪੁੱਛਣਗੇ ਕਿ ਲੋਕਾਂ ਦੇ ਟੈਕਸ ਦਾ ਪੈਸਾ ਅਜਿਹੇ ਲੋਕਾਂ 'ਤੇ ਕਿਉ ਬਰਬਾਦ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦੇ ਟੈਕਸ ਦੇ ਪੈਸੇ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਲੋਕਾਂ ਦੇ ਸਰਕਾਰੀ ਦਫਤਰਾਂ ਵਿਚ ਕੰਮਕਾਜ ਨਹੀ ਹੋ ਰਹੇ ਅਤੇ ਪੰਜਾਬ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਪੀ. ਏ. ਨੇ ਅੱਗੇ 20-20 ਪੀ. ਏ. ਰੱਖੇ ਹੋਏ ਹਨ ਤੇ ਅੱਗੇ ਉਹ 2-2, 3-3 ਗੰਨਮੈਨ ਲੈ ਕੇ ਘੁੰਮ ਰਹੇ ਹਨ। ਪੰਜਾਬ ਵਿਚ ਕਿਸਾਨ ਕਰਜ਼ੇ ਵਿਚ ਡੁੱਬਿਆ ਆਤਮ-ਹੱਤਿਆ ਕਰ ਰਿਹਾ ਹੈ। ਇਸ ਸਭ ਕੁਝ ਦੇ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਜਨਰਲ ਸੈਕਟਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਆਦਿ ਮੌਜੂਦ ਸਨ।


Related News