ਡਿਊਟੀ ''ਤੇ ਮੋਬਾਇਲ ਦੀ ਵਰਤੋਂ ਨਾ ਕਰਨ ਦਾ ਫੁਰਮਾਨ 24 ਘੰਟਿਆਂ ''ਚ ਲਿਆ ਵਾਪਸ
Thursday, Aug 03, 2017 - 09:47 AM (IST)

ਚੰਡੀਗੜ੍ਹ (ਅਰਚਨਾ) : ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਨੇ ਸੁਰੱਖਿਆ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਮੋਬਾਇਲ ਫੋਨ ਤੋਂ ਦੂਰ ਰਹਿਣ ਦੇ ਹੁਕਮਾਂ ਨੂੰ 24 ਘੰਟਿਆਂ 'ਚ ਹੀ ਪਲਟ ਦਿੱਤਾ। ਹਸਪਤਾਲ ਅਥਾਰਟੀ ਨੇ ਪੁੰਜ ਸਕਿਓਰਿਟੀ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਨੂੰ ਮੰਗਲਵਾਰ ਨੂੰ ਲਿਖਤੀ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਸਕਿਓਰਿਟੀ ਗਾਰਡ ਡਿਊਟੀ ਦੌਰਾਨ ਮੋਬਾਇਲ ਤੋਂ ਦੂਰ ਰਹਿਣਗੇ।
ਗਾਰਡਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਡਿਊਟੀ ਦੌਰਾਨ ਉਹ ਆਪਣੇ ਮੋਬਾਇਲ ਫੋਨ ਜਾਂ ਤਾਂ ਆਪਣੇ ਵਾਹਨ 'ਚ ਰੱਖਣਗੇ ਜਾਂ ਸਕਿਓਰਿਟੀ ਕੰਟਰੋਲ ਰੂਮ 'ਚ ਜਮ੍ਹਾ ਕਰਵਾਉਣਗੇ। ਅਥਾਰਟੀ ਦੇ ਹੁਕਮਾਂ ਖਿਲਾਫ ਗਾਰਡਾਂ ਨੇ ਡਾਕਟਰਾਂ ਦੇ ਮੋਬਾਇਲ ਫੋਨ ਵਰਤਣ 'ਤੇ ਸਵਾਲ ਚੁੱਕ ਦਿੱਤੇ ਸਨ, ਜਿਸ ਤੋਂ ਬਾਅਦ ਉਕਤ ਅਧਿਕਾਰੀਆਂ ਨੂੰ ਆਰਡਰ ਵਾਪਸ ਲੈਣਾ ਪਿਆ। ਹੁਕਮਾਂ 'ਚ ਕਿਹਾ ਗਿਆ ਸੀ ਕਿ ਅਜਿਹਾ ਦੇਖਣ 'ਚ ਆ ਰਿਹਾ ਹੈ ਕਿ ਹਸਪਤਾਲ ਦੇ ਸਕਿਓਰਿਟੀ ਗਾਰਡ ਡਿਊਟੀ ਕਰਨ ਦੀ ਥਾਂ ਮੋਬਾਇਲ ਫੋਨ 'ਚ ਮਸਰੂਫ ਰਹਿੰਦੇ ਹਨ, ਜਿਸ ਕਾਰਨ ਹਸਪਤਾਲ ਦੀ ਸੁਰੱਖਿਆ ਵਿਵਸਥਾ ਵਿਗੜ ਰਹੀ ਹੈ। ਉਧਰ ਹਸਪਤਾਲ ਮੈਨੇਜਮੈਂਟ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਜਿਹਾ ਦੇਖਣ 'ਚ ਆ ਰਿਹਾ ਹੈ ਕਿ ਸਕਿਓਰਿਟੀ ਗਾਰਡ ਸਾਰਾ ਦਿਨ ਮੋਬਾਇਲ ਫੋਨ 'ਤੇ ਫੇਸਬੁੱਕ ਜਾਂ ਵਟਸਐਪ 'ਤੇ ਚੈਟਿੰਗ ਕਰਦੇ ਰਹਿੰਦੇ ਹਨ। ਇਨ੍ਹਾਂ ਨੂੰ ਨਾ ਤਾਂ ਪਾਰਕਿੰਗ ਕੰਟਰੋਲ ਕਰਨ ਦਾ ਫਿਕਰ ਰਹਿੰਦਾ ਹੈ ਤੇ ਨਾ ਹੀ ਹਸਪਤਾਲ 'ਚ ਆਉਣ ਵਾਲੇ ਲੋਕਾਂ ਦੀ ਖਬਰ। ਹਸਪਤਾਲ ਅਧਿਕਾਰੀ ਦਾ ਕਹਿਣਾ ਸੀ ਕਿ 80 ਫੀਸਦੀ ਅਜਿਹੇ ਹਨ, ਜੋ ਮੋਬਾਇਲ ਫੋਨ 'ਚ ਮਸ਼ਰੂਫ ਰਹਿੰਦੇ ਹਨ।