‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ

09/24/2023 11:55:48 AM

ਜਲੰਧਰ (ਅਨਿਲ ਪਾਹਵਾ)–ਪੰਜਾਬ ’ਚ ਭਾਰਤੀ ਜਨਤਾ ਪਾਰਟੀ ਅੰਦਰ ਇਨ੍ਹੀਂ ਦਿਨੀਂ ‘ਨਵੇਂ ਤੇ ਪੁਰਾਣੇ’ ਚਿਹਰਿਆਂ ਨੂੰ ਲੈ ਕੇ ਖ਼ੂਬ ਖਿੱਚੋਤਾਣ ਚੱਲ ਰਹੀ ਹੈ। ਇੰਪੋਰਟਿਡ ਅਤੇ ਨਵੇਂ ਲੋਕ ਪਾਰਟੀ ਵਿਚ ਅਹਿਮ ਅਹੁਦੇ ਵੇਖ ਰਹੇ ਹਨ ਤਾਂ ਪਾਰਟੀ ਲਈ ਜੀਅ-ਜਾਨ ਲਾਉਣ ਵਾਲੇ ‘ਆਪਣੀ ਜਗ੍ਹਾ’ ਲੱਭ ਰਹੇ ਹਨ। ਇਸ ਖਿੱਚੋਤਾਣ ਵਿਚਾਲੇ ਇਸ ਵੇਲੇ ਪਾਰਟੀ ਅੰਦਰ ਬੇਹੱਦ ਅਜੀਬ ਸਥਿਤੀ ਬਣੀ ਹੋਈ ਹੈ। ਪਾਰਟੀ ਵਿਚ ਸਾਲਾਂ ਤਕ ਕੰਮ ਕਰਨ ਦੇ ਬਾਵਜੂਦ ਹੁਣ ਇੰਪੋਰਟਿਡ ਭਾਜਪਾਈਆਂ ਨੂੰ ਅਹਿਮ ਅਹੁਦੇ ਦਿੱਤੇ ਜਾਣ ਦਾ ਮਾਮਲਾ ਭਾਜਪਾ ਵਿਚ ਤੂਲ ਫੜਦਾ ਜਾ ਰਿਹਾ ਹੈ। ਖ਼ਬਰ ਮਿਲੀ ਹੈ ਕਿ ਪਾਰਟੀ ਵਿਚ ਬਾਹਰਲੇ ਲੋਕਾਂ ਦੀ ਐਂਟਰੀ ’ਤੇ ਸੰਗਰੂਰ ਵਿਚ ਇਕ ਬੈਠਕ ਹੋਈ ਸੀ, ਜਿਸ ਵਿਚ ਟਕਸਾਲੀ ਭਾਜਪਾ ਨੇਤਾਵਾਂ ਨੇ ਪਾਰਟੀ ਦੇ ਰਵੱਈਏ ’ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਦੌਰਾਨ ਨੇਤਾਵਾਂ ਤੇ ਵਰਕਰਾਂ ਨੇ ਦਾਗੀ ਲੋਕਾਂ ਦੇ ਪਾਰਟੀ ਵਿਚ ਆਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਤੇ ਅਹਿਮ ਅਹੁਦੇ ਦਿੱਤੇ ਜਾਣ ’ਤੇ ਇਤਰਾਜ਼ ਪ੍ਰਗਟ ਕੀਤਾ ਸੀ।

ਉੱਧਰ 24 ਸਤੰਬਰ ਨੂੰ ਭਾਜਪਾ ਦੇ ਟਕਸਾਲੀ ਨੇਤਾਵਾਂ ਦੀ ਚੰਡੀਗੜ੍ਹ ’ਚ ਹੋ ਰਹੀ ਬੈਠਕ ਨੂੰ ਲੈ ਕੇ ਵੀ ਭਾਜਪਾ ਦੁਚਿੱਤੀ ’ਚ ਹੈ। ਇਹ ਬੈਠਕ ਭਾਜਪਾ ਨੇਤਾ ਸੁਖਮਿੰਦਰ ਪਾਲ ਸਿੰਘ ਗਰੇਵਾਲ ਵੱਲੋਂ ਸੱਦੀ ਗਈ ਹੈ। ਜਾਣਕਾਰ ਦੱਸਦੇ ਹਨ ਕਿ ਬੈਠਕ ਨੂੰ ਰੱਦ ਕਰਵਾਉਣ ਲਈ ਪਾਰਟੀ ਨੇ ਕੁਝ ਸੀਨੀਅਰ ਨੇਤਾਵਾਂ ਦੀ ਡਿਊਟੀ ਲਾਈ ਹੈ ਅਤੇ ਮਾਮਲੇ ਨੂੰ ਹੱਲ ਕਰਨ ਲਈ ਪਾਰਟੀ ਦੇ ਸੰਗਠਨ ਮੰਤਰੀ ਨੂੰ ਭੇਜਿਆ ਹੈ।

ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ

ਤੈਅ ਦਿਨ ਤੇ ਸਮੇਂ ’ਤੇ ਹੀ ਹੋਵੇਗੀ ਬੈਠਕ: ਗਰੇਵਾਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਗਠਨ ਮੰਤਰੀ ਨੇ ਗਰੇਵਾਲ ਨਾਲ ਇਕ ਬੈਠਕ ਵੀ ਕੀਤੀ ਅਤੇ ਉਨ੍ਹਾਂ ਨੂੰ 24 ਸਤੰਬਰ ਦੀ ਬੈਠਕ ਰੱਦ ਕਰਨ ਲਈ ਕਿਹਾ। ਬੈਠਕ ਵਿਚ ਕਿਨ੍ਹਾਂ ਚੀਜ਼ਾਂ ’ਤੇ ਚਰਚਾ ਹੋਈ, ਇਸ ਬਾਰੇ ਵੀ ਅਜੇ ਕੁਝ ਪਤਾ ਨਹੀਂ ਲੱਗਾ ਪਰ ਗਰੇਵਾਲ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ 24 ਸਤੰਬਰ ਦੀ ਚੰਡੀਗੜ੍ਹ ਦਫ਼ਤਰ ’ਚ ਰੱਖੀ ਗਈ ਬੈਠਕ ਤੈਅ ਸਮੇਂ ’ਤੇ ਹੀ ਹੋਵੇਗੀ। ਇਸ ਵਿਚ ਹਿੱਸਾ ਲੈਣ ਲਈ ਪੂਰੇ ਪੰਜਾਬ ਤੋਂ ਭਾਜਪਾ ਦੇ ਵੱਡੇ ਨੇਤਾ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਂ ਤਕ ਪਾਰਟੀ ਲਈ ਜੀਅ-ਜਾਨ ਲਾਉਣ ਵਾਲਿਆਂ ਨੂੰ ਇੰਝ ਅੱਖੋਂ-ਪਰੋਖੇ ਨਹੀਂ ਹੋਣ ਦਿੱਤਾ ਜਾਵੇਗਾ।

ਯੁਵਾ ਨੇਤਾ ਦੀ ਆਡੀਓ ਵਾਇਰਲ
ਪੰਜਾਬ ’ਚ ਭਾਜਪਾ ਅੰਦਰ ਚੱਲ ਰਹੀ ਇਸ ਪੂਰੀ ਸਥਿਤੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਪਾਰਟੀ ਦੇ ਬੇਹੱਦ ਨਜ਼ਦੀਕੀ ਵਰਕਰ ਵਿਰੋਧ ਦੇ ਸੁਰ ਕੱਢਣ ਲੱਗੇ ਹਨ। ਇਸ ਸਬੰਧੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜੋ ਜਲੰਧਰ ਦੇ ਇਕ ਯੁਵਾ ਨੇਤਾ ਦੀ ਦੱਸੀ ਜਾ ਰਹੀ ਹੈ। ਇਸ ਨੇਤਾ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਵਿਚ ਇੰਨੇ ਸਾਲਾਂ ਤਕ ਕੰਮ ਕਰਨ ਵਾਲੇ ਵਰਕਰ ਕੀ ਇੰਨੇ ਸਮਰੱਥ ਨਹੀਂ ਕਿ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ? ਅਕਸ਼ੈ ਸ਼ਰਮਾ ਦੇ ਭਾਜਪਾ ਵਿਚ ਆਉਣ ’ਤੇ ਵੀ ਇਤਰਾਜ਼ ਪ੍ਰਗਟ ਕਰਦਿਆਂ ਇਸ ਯੁਵਾ ਨੇਤਾ ਨੇ ਆਡੀਓ ਵਿਚ ਕਿਹਾ ਕਿ ਏ. ਬੀ. ਵੀ. ਪੀ. ਵਿਚ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅਤੇ ਜੇਬ ’ਚੋਂ ਪੈਸੇ ਲਾ ਕੇ ਏ. ਬੀ. ਵੀ. ਪੀ. ਅਤੇ ਬਾਅਦ ’ਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਕਾਂਗਰਸ ਤੇ ਹੋਰ ਪਾਰਟੀਆਂ ’ਚੋਂ ਲਿਆ ਕੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਿਰ ’ਤੇ ਬਿਠਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼
ਉਨ੍ਹਾਂ ਕਿਹਾ ਕਿ ਪਾਰਟੀ ਲਈ ਜੋ ਵੀ ਉਨ੍ਹਾਂ ਕੰਮ ਕੀਤਾ, ਇਹੀ ਸੋਚ ਕੇ ਕੀਤਾ ਕਿ ਪਾਰਟੀ ਦੇ ਵੱਡੇ ਨੇਤਾ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦੇਣਗੇ ਪਰ ਦੁੱਖ ਹੁੰਦਾ ਹੈ ਕਿ ਐੱਨ. ਐੱਸ. ਯੂ. ਆਈ. ਦੇ ਅਕਸ਼ੈ ਸ਼ਰਮਾ ਨੂੰ ਲਿਆ ਕੇ ਉਨ੍ਹਾਂ ਦੇ ਉੱਪਰ ਬਿਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੀ ਏ. ਬੀ. ਵੀ. ਪੀ. ਜਾਂ ਭਾਜਪਾ ਦੇ ਵਰਕਰ ’ਤੇ ਉੱਪਰ ਬੈਠੇ ਅਹੁਦੇਦਾਰਾਂ ਨੂੰ ਯਕੀਨ ਨਹੀਂ? ਇਸ ਯੁਵਾ ਨੇਤਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਖੜ੍ਹੇ ਹੋ ਜਾਣ ਅਤੇ ਪਾਰਟੀ ਅੰਦਰ ਰੋਸ ਜ਼ਾਹਿਰ ਕਰਨ, ਨਹੀਂ ਤਾਂ ਪਾਰਟੀ ਲਈ ਕੰਮ ਕਰਨ ਵਾਲਿਆਂ ਦਾ ਕਰੀਅਰ ਡੁੱਬਣ ਵਾਲਾ ਹੈ।

ਮਾਈਨਿੰਗ ’ਤੇ ਚਰਚਾ ’ਚ ਰਹੇ ਯੁਵਾ ਨੇਤਾ ਨੂੰ ਵੀ ਇੰਪੋਰਟ ਕਰਨ ਦੀ ਤਿਆਰੀ
ਸ਼ੁੱਕਰਵਾਰ ਨੂੰ ਪੰਜਾਬ ਯੂਥ ਕਾਂਗਰਸ ਦੇ ਉੱਪ-ਪ੍ਰਧਾਨ ਅਕਸ਼ੈ ਸ਼ਰਮਾ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਹੁਣ ਇਹ ਸੂਚੀ ਹੋਰ ਲੰਮੀ ਹੁੰਦੀ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ’ਚ ਯੂਥ ਕਾਂਗਰਸ ਦਾ ਇਕ ਹੋਰ ਵੱਡਾ ਨੇਤਾ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਨਾਂ ’ਤੇ ਭਾਜਪਾ ਦੇ ਵਰਕਰ ਕਾਫ਼ੀ ਇਤਰਾਜ਼ ਕਰ ਰਹੇ ਹਨ ਕਿਉਂਕਿ ਮਾਈਨਿੰਗ ਨੂੰ ਲੈ ਕੇ ਇਹ ਨੇਤਾ ਕਾਫ਼ੀ ਬਦਨਾਮ ਰਿਹਾ ਹੈ। ਉਂਝ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਭਾਜਪਾ ਸੂਬਾ ਯੁਵਾ ਮੋਰਚਾ ਪ੍ਰਧਾਨ ਦੇ ਅਹੁਦੇ ’ਤੇ ਅਕਸ਼ੈ ਸ਼ਰਮਾ ਜਾਂ ਇਸ ‘ਸੰਭਾਵਤ ਇੰਪੋਰਟ ਪ੍ਰੋਡਕਟ’ ਦੇ ਨਾਂ ’ਤੇ ਮੋਹਰ ਲੱਗ ਸਕਦੀ ਹੈ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ, ਅਮਰੀਕਾ 'ਚ ਆਦਮਪੁਰ ਦੇ ਨੌਜਵਾਨ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News