ਮੋਗਾ ਦੇ ਅੰਮ੍ਰਿਤ ਹਸਪਤਾਲ ''ਚ ਹੰਗਾਮਾ: ਮਹਿਲਾ ਦੀ ਮੌਤ ਪਿੱਛੋਂ ਲਾਇਆ ਜਾਮ, ਡਾਕਟਰ ''ਤੇ ਗਲਤ ਆਪ੍ਰੇਸ਼ਨ ਦੇ ਦੋਸ਼
Friday, Jun 05, 2026 - 02:25 AM (IST)
ਮੋਗਾ : ਮੋਗਾ ਦੇ ਅੰਮ੍ਰਿਤਸਰ ਰੋਡ ਸਥਿਤ ਅੰਮ੍ਰਿਤ ਹਸਪਤਾਲ ਅੱਗੇ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਇੱਕ ਮਹਿਲਾ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰ 'ਤੇ ਗਲਤ ਆਪ੍ਰੇਸ਼ਨ ਕਰਨ ਦੇ ਦੋਸ਼ ਲਗਾਉਂਦੇ ਹੋਏ ਜ਼ੋਰਦਾਰ ਹੰਗਾਮਾ ਕੀਤਾ। ਰੋਸ ਪ੍ਰਗਟਾਉਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਕੁਝ ਸਮੇਂ ਲਈ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰ ਦੀ ਕਥਿਤ ਲਾਪਰਵਾਹੀ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਵੱਲੋਂ ਆਪ੍ਰੇਸ਼ਨ ਦੌਰਾਨ ਗੰਭੀਰ ਗਲਤੀਆਂ ਕੀਤੀਆਂ ਗਈਆਂ, ਜਿਸ ਕਾਰਨ ਮਰੀਜ਼ ਦੀ ਹਾਲਤ ਵਿਗੜ ਗਈ ਅਤੇ ਆਖ਼ਰਕਾਰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ 'ਤੇ ਡਾਕਟਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੰਗਾਮੇ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ! ਮਰੀਜ਼ ਨਾਲ ਬੁਰੀ ਤਰ੍ਹਾਂ ਕੁੱਟਮਾਰ
ਉੱਧਰ, ਇਸ ਸਬੰਧੀ ਜਦੋਂ ਅੰਮ੍ਰਿਤ ਹਸਪਤਾਲ ਦੇ ਡਾਕਟਰ ਹਰਜਿੰਦਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਡਾਕਟਰ ਸਿੱਧੂ ਨੇ ਕਿਹਾ ਕਿ ਮਰੀਜ਼ ਦਾ ਆਪ੍ਰੇਸ਼ਨ ਪੂਰੀ ਮੈਡੀਕਲ ਪ੍ਰਕਿਰਿਆ ਅਤੇ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮਰੀਜ਼ ਦੀ ਮੌਤ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਾਰਨ ਨਹੀਂ, ਸਗੋਂ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਫਿਲਹਾਲ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ ਅਤੇ ਪਰਿਵਾਰ ਇਨਸਾਫ਼ ਦੀ ਮੰਗ 'ਤੇ ਅਡਿੱਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
