ਮੋਗਾ ਦੋਹਰਾ ਕਤਲ ਕਾਂਡ : ਪਰਿਵਾਰਾਂ ਵੱਲੋਂ ਭਾਰੀ ਵਿਰੋਧ
Tuesday, Oct 27, 2026 - 06:40 PM (IST)
ਮੋਗਾ (ਕਸ਼ਿਸ਼ ਸਿੰਗਲਾ) : ਅੰਗਦਪੁਰਾ ’ਚ ਐਤਵਾਰ ਦੇਰ ਸ਼ਾਮ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਨੇ ਸਾਰੇ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਪਹਿਲਾਂ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਪੋਸਟਮਾਰਟਮ ਕਰਵਾਇਆ ਹੈ। ਮੋਗਾ ਤੋਂ 'ਆਪ' ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਪਾਰਟੀ ਕੌਂਸਲਰ ਜਦੋਂ ਪਰਿਵਾਰਾਂ ਨੂੰ ਮਨਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਪੁਲੀਸ ਮੁੱਖ ਸ਼ੂਟਰਾਂ ਨੂੰ ਫੜਨ ਦੀ ਬਜਾਏ ਮਾਮਲੇ ਨੂੰ ਠੰਢਾ ਕਰਨ ’ਚ ਲੱਗੀ ਹੈ।
ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਸ਼ਿਕਾਇਤਾਂ ਦੇ ਆਧਾਰ ’ਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਡੀਜੀਪੀ ਗੌਰਵ ਯਾਦਵ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਮੁਤਾਬਕ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਅਤੇ ਗੈਂਗਵਾਰ ਦਾ ਨਤੀਜਾ ਹਨ। ਕਾਲੀ ਸਕੌਰਪੀਓ ’ਚ ਆਏ ਅਣਪਛਾਤੇ ਹਮਲਾਵਰਾਂ ਨੇ ਘਰ ਬਾਹਰ 15 ਤੋਂ 20 ਰੌਂਦ ਗੋਲੀਆਂ ਚਲਾਈਆਂ ਸਨ।
