ਮੋਗਾ ਦੇ ਅਕਾਲਸਰ ਰੋਡ ’ਤੇ ਫਰਨੀਚਰ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Thursday, Oct 22, 2026 - 01:24 PM (IST)

ਮੋਗਾ ਦੇ ਅਕਾਲਸਰ ਰੋਡ ’ਤੇ ਫਰਨੀਚਰ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਮੋਗਾ (ਕਸ਼ਿਸ਼): ਮੋਗਾ ਦੇ ਅਕਾਲਸਰ ਰੋਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਜਨਤਾ ਫਰਨੀਚਰ ਦੇ ਸ਼ੋਅਰੂਮ ਵਿਚ ਅਚਾਨਕ ਅੱਗ ਲੱਗ ਗਈ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸ਼ੋਅਰੂਮ ਵਿਚ ਪਿਆ ਫਰਨੀਚਰ ਤੇ ਹੋਰ ਸਾਮਾਨ ਅੱਗ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਜਾਣਕਾਰੀ ਅਨੁਸਾਰ ਅਕਾਲਸਰ ਰੋਡ ਸਥਿਤ ਜਨਤਾ ਫਰਨੀਚਰ ਦੇ ਸ਼ੋਅਰੂਮ ਵਿਚ ਬੁੱਧਵਾਰ ਦੇਰ ਸ਼ਾਮ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਸ਼ੁਰੂਆਤ ਵਿਚ ਅੱਗ ਸੀਮਤ ਖੇਤਰ ਵਿਚ ਸੀ, ਪਰ ਸ਼ੋਅਰੂਮ ਵਿਚ ਵੱਡੀ ਮਾਤਰਾ ਵਿਚ ਫਰਨੀਚਰ ਅਤੇ ਹੋਰ ਸਾਮਾਨ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਕੁਝ ਹੀ ਸਮੇਂ ਵਿਚ ਅੱਗ ਦੀਆਂ ਲਪਟਾਂ ਸ਼ੋਅਰੂਮ ਵਿੱਚੋਂ ਉੱਠਣ ਲੱਗੀਆਂ, ਜਿਸ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਅੱਗ ਨੂੰ ਨੇੜਲੀਆਂ ਦੁਕਾਨਾਂ ਅਤੇ ਇਮਾਰਤਾਂ ਤੱਕ ਫੈਲਣ ਤੋਂ ਰੋਕਣ ਲਈ ਵੀ ਯਤਨ ਕੀਤੇ ਗਏ।

ਅੱਗ ਦੀ ਤੀਬਰਤਾ ਕਾਰਨ ਸ਼ੋਅਰੂਮ ਵਿਚ ਰੱਖਿਆ ਫਰਨੀਚਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਗਿਆ। ਅੱਗ ਬੁਝਣ ਤੋਂ ਬਾਅਦ ਸ਼ੋਅਰੂਮ ਦੇ ਅੰਦਰ ਸਾਮਾਨ ਸੜੀ ਹੋਈ ਹਾਲਤ ਵਿਚ ਪਿਆ ਦਿਖਾਈ ਦਿੱਤਾ। ਇਸ ਘਟਨਾ ਕਾਰਨ ਸ਼ੋਅਰੂਮ ਦੇ ਮਾਲਕ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਨੁਕਸਾਨ ਦੀ ਅਸਲ ਰਕਮ ਦਾ ਪਤਾ ਜਾਂਚ ਅਤੇ ਮੁਲਾਂਕਣ ਤੋਂ ਬਾਅਦ ਹੀ ਲੱਗ ਸਕੇਗਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਸਮੇਂ ਸਿਰ ਪਹੁੰਚ ਕੇ ਕੀਤੀ ਗਈ ਕਾਰਵਾਈ ਕਾਰਨ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਕਾਫ਼ੀ ਦੇਰ ਤੱਕ ਹਲਚਲ ਬਣੀ ਰਹੀ।


author

Anmol Tagra

Content Editor

Related News