ਸਚਿਨ ਪਾਇਲਟ ਤੇ ਪਰਗਟ ਸਿੰਘ ਪਹੁੰਚੇ ਮੋਗਾ, ਸੰਦੇੜਾ ਪਰਿਵਾਰ ਨਾਲ ਵੰਡਾਇਆ ਦੁੱਖ
Saturday, Oct 17, 2026 - 04:17 PM (IST)
ਮੋਗਾ (ਗੋਪੀ/ਕਸ਼ਿਸ਼) : ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪਾਰਟੀ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰਦਿਆਂ ਵੱਡੇ ਹਮਲੇ ਬੋਲੇ ਹਨ। ਇੱਥੇ ਮੋਗਾ ਵਿਖੇ ਗੈਂਗਸਟਰਾਂ ਵੱਲੋਂ ਮਾਰੇ ਗਏ ਪਰਮਿੰਦਰ ਸਿੰਘ ਸੰਦੇੜਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਮੋਗਾ ਦੇ ਰਾਮਗੰਜ 'ਚ ਸਥਿਤ ਏਸ਼ੀਆ ਜਵੈਲਰ ਦੇ ਮਾਲਕ ਪਰਮਿੰਦਰ ਸਿੰਘ ਦਾ 12 ਜੂਨ 2023 ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਦੁਕਾਨ ਵਿਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਪੰਜਾਬ ਨੂੰ ਪੁਲਸ ਰਾਜ ਨਾ ਬਣਾਇਆ ਜਾਵੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਮੁੱਚੀ ਕਾਂਗਰਸ ਇਕੱਠੀ ਹੈ ਅਤੇ ਸਭ ਦਾ ਮੰਤਵ ਪੰਜਾਬ ਬਚਾਉਣਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਸਚਨ ਪਾਇਲਟ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਅਤੇ ਗੈਂਗਸਟਰਾਂ ਨੇ ਪੰਜਾਬੀਆਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ।
ਦੱਸਣਯੋਗ ਹੈ ਕਿ ਸੂਬੇ ਭਰ 'ਚ ਪਿਛਲੇ ਸਮੇਂ ਦੌਰਾਨ ਗੈਂਗਸਟਰਾਂ ਵੱਲੋਂ ਕਥਿਤ ਤੌਰ 'ਤੇ ਕਤਲ ਕੀਤੇ ਗਏ ਲੋਕਾਂ ਨਾਲ ਮੁਲਾਕਾਤ ਕਰਨ ਲਈ ਪੰਜਾਬ ਕਾਂਗਰਸ ਨੇ ਪੰਜ ਦਿਨਾਂ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਹੈ। 16 ਤੋਂ 21 ਅਕਤੂਬਰ ਤੱਕ ਪੰਜਾਬ ਇੰਚਾਰਜ ਸਚਿਨ ਪਾਇਲਟ ਅਤੇ ਪਰਗਟ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਹ ਯਾਤਰਾ ਅੱਜ ਮੋਗਾ ਵਿਖੇ ਪਹੁੰਚੀ ਸੀ, ਜਿੱਥੇ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਵੱਲੋਂ ਕਤਲ ਕੀਤੇ ਗਏ ਪਰਮਿੰਦਰ ਸਿੰਘ ਸੰਦੇੜਾ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਪੰਜਾਬ ਸਰਕਾਰ 'ਤੇ ਜੰਮ ਕੇ ਸ਼ਬਦੀ ਹਮਲੇ ਬੋਲੇ।
