ਮੋਗਾ ਗੋਲੀਬਾਰੀ ਕਾਂਡ: ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰਾਜਾ ਵੜਿੰਗ
Tuesday, Oct 27, 2026 - 07:57 PM (IST)
ਮੋਗਾ (ਕਸ਼ਿਸ਼)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅੱਤਵਾਦ ਵੇਲੇ ਵੀ ਇੰਨੇ ਨਾਜਾਇਜ਼ ਹਥਿਆਰ ਨਹੀਂ ਸਨ, ਜਿੰਨੇ ਹੁਣ ਨੌਜਵਾਨ ਚੁੱਕੀ ਫਿਰਦੇ ਹਨ, ਜਿਸ ਨਾਲ ਰੋਜ਼ਾਨਾ ਪੰਜਾਬ ਭਰ ਵਿਚ ਵੱਡਾ ਕਤਲੋਗਾਰਤ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿਚ ਰੱਤੀ ਭਰ ਵੀ ਚਿੰਤੁਤ ਨਹੀਂ ਹੈ।
ਉਹ ਮੋਗਾ ਵਿਖੇ ਦੋ ਦਿਨ ਪਹਿਲਾਂ ਕਤਲ ਕੀਤੇ ਗਏ ਸਾਹਿਲ ਜਿੰਦਲ ਤੇ ਗਗਨ ਜਿੰਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਭੀੜ-ਭੜੱਕੇ ਵਾਲੇ ਇਲਾਕੇ ਵਿਚ 30 ਗੋਲੀਆਂ ਚੱਲਣ ਮਗਰੋਂ ਮੋਗਾ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਕਾਂਗਰਸ ਨਾ ਬਣਦੀ ਤਾਂ ਰਾਤ ਵੇਲੇ ਦੁਕਾਨਾਂ ਨਹੀਂ ਖੁੱਲ੍ਹਣੀਆਂ ਸਨ ਪਰ ਹੁਣ ਫਿਰ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਹੋਮ ਡਿਲਿਵਿਰੀ ਹੋ ਰਹੀ ਹੈ, ਜਦੋਂ ਕਿ ਪਾਕਿਸਤਾਨ ਤੋਂ ਡਰੋਨਾ ਰਾਹੀਂ ਰੋਜ਼ਾਨਾ ਚਿੱਟਾ ਆ ਰਿਹਾ ਹੈ। ਇਸ ਮੌਕੇ ਉਨ੍ਹਾਂ ਡੀਜੀਪੀ ਲਾਅ ਐਂਡ ਆਰਡਰ ਪੀ.ਕੇ ਸਿਨ੍ਹਹਾ ਨਾਲ ਫੋਨ ’ਤੇ ਗੱਲਬਾਤ ਕਰ ਕੇ ਪਰਿਵਾਰ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੁਲਸ ਸਸਕਾਰ ਮਗਰੋਂ ਪੀੜਤਾਂ ਦੀ ਬਾਂਹ ਨਹੀਂ ਫੜਦੀ। ਇਸ ਮੌਕੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਪਰਮਪਾਲ ਸਿੰਘ ਤਖ਼ਤੂਪੁਰਾ ਮੈਂਬਰ ਪ੍ਰਦੇਸ਼ ਕਾਂਗਰਸ, ਪ੍ਰਧਾਨ ਪਰਮਿੰਦਰ ਡਿੰਪਲ, ਮਨਜੀਤ ਸਿੰਘ ਮਾਨ ਮੈਂਬਰ ਪ੍ਰਦੇਸ਼ ਕਾਂਗਰਸ, ਗੋਤਮ ਸੱਚਰ, ਦੀਪੂ ਸਹੋਤਾ, ਆਸ਼ੂ ਹਾਂਡਾ, ਵਿਕਰਮ ਪੱਤੋ, ਕੁਨਾਲ ਸ਼ਰਮਾ, ਰਾਜੂ ਸਹੋਤਾ ਦੇ ਇਲਾਵਾ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
