ਅਣਐਲਾਨੇ ਬਿਜਲੀ ਕੱਟਾਂ ਤੇ ਨਸ਼ਿਆਂ ਵਿਰੁੱਧ ਕੱਢੀ ਭੜਾਸ

Sunday, Jul 22, 2018 - 12:48 AM (IST)

ਅਣਐਲਾਨੇ ਬਿਜਲੀ ਕੱਟਾਂ ਤੇ ਨਸ਼ਿਆਂ ਵਿਰੁੱਧ ਕੱਢੀ ਭੜਾਸ

ਨੂਰਪੁਰਬੇਦੀ, (ਭੰਡਾਰੀ, ਤਰਨਜੀਤ)- ਖੇਤਰ ਦੀ ਬਿਹਤਰੀ ਲਈ ਕੰਮ ਕਰ ਰਹੀ ਇਲਾਕਾ ਸੰਘਰਸ਼ ਕਮੇਟੀ ਨੇ ਅੱਜ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਨੂਰਪੁਰਬੇਦੀ ਖੇਤਰ ’ਚ ਲਾਏ ਜਾ ਰਹੇ ਅਣਐਲਾਨੇ ਬਿਜਲੀ ਕੱਟਾਂ ਤੇ ਨਸ਼ਿਆਂ ਦੇ ਵਿਰੋਧ ’ਚ ਧਰਨਾ ਲਾਇਆ। 
ਇਸ ਮੌਕੇ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਨੂਰਪੁਰਬੇਦੀ ਇਲਾਕੇ ਦੇ ਲੋਕ ਬੀਤੇ 1 ਮਹੀਨੇ ਤੋਂ ਬਿਜਲੀ ਦੀ ਨਾਕਸ ਸਪਲਾਈ ਦਾ ਸੰਤਾਪ ਝੱਲ ਰਹੇ ਹਨ ਪਰ ਇਸ ਦੌਰਾਨ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਲੋਕਾਂ ਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼  ਨਹੀਂ ਕੀਤੀ। ਸੱਤਾ ਦੇ ਨਸ਼ੇ ’ਚ ਚੂਰ ਨੁਮਾਇੰਦਿਆਂ ਨੂੰ ਲੋਕਾਂ ਦੀਅਾਂ ਤਕਲੀਫ਼ਾਂ ਨਾਲ ਕੋਈ ਮਤਲਬ ਨਹੀਂ।   ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਿਜਲੀ ਕੱਟਾਂ ਦੇ ਅਸਲ ਕਾਰਨਾਂ ਦਾ ਪਤਾ ਲਾ ਕੇ ਸਰਕਾਰ ਰਾਹੀਂ ਇਸ ਦਾ ਜਲਦ ਹੱਲ ਲੱਭੇ। 
ਉਨ੍ਹਾਂ ਨਸ਼ਿਆਂ ਦੇ ਖਿਲਾਫ਼ ਅਾਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਇਸ ਬੁਰਾਈ ਨੂੰ ਜਡ਼੍ਹੋਂ ਖਤਮ ਕਰਨ ਲਈ ਹੋਰ ਸੰਜੀਦਗੀ ਅਪਣਾਉਣ ਦੀ ਲੋਡ਼ ਹੈ। ਸੰਘਰਸ਼ ਕਮੇਟੀ ਦੇ ਉਪ ਪ੍ਰਧਾਨਾਂ ਕਾ. ਰਣਜੀਤ ਸਰਥਲੀ, ਕਾ. ਮੋਹਣ ਸਿੰਘ ਧਮਾਣਾ ਤੇ ਮਾ. ਜਗਨ ਨਾਥ ਭੰਡਾਰੀ ਨੇ ਕਿਹਾ ਕਿ ਜਨਤਾ ਨੂੰ ਉਕਤ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਇਕਜੁੱਟਤਾ ਦਾ ਸਬੂਤ ਦੇਣਾ ਹੋਵੇਗਾ।  ਬਿਜਲੀ ਕੱਟਾਂ ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕਮੇਟੀ ਉੱਚ ਅਧਿਕਾਰੀਆਂ ਨਾਲ ਵੀ ਅਾਗਾਮੀ ਦਿਨਾਂ ’ਚ ਬੈਠਕ ਕਰੇਗੀ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਵੀ ਕੱਟਾਂ ਦੇ ਮੁੱਦੇ ’ਤੇ ਮੰਗ ਪੱਤਰ ਭੇਜਿਆ ਜਾਵੇਗਾ। 
ਕਮੇਟੀ ਦੇ ਮੁੱਖ ਸਲਾਹਕਾਰ ਵੇਦ ਪ੍ਰਕਾਸ਼ ਤੇ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਬੈਂਸ ਨੇ ਕਿਹਾ ਕਿ ਇਲਾਕਾ ਸੰਘਰਸ਼ ਕਮੇਟੀ ਲੋਕਾਂ ਦੇ ਹਿੱਤਾਂ ’ਤੇ ਹਮੇਸ਼ਾ ਪਹਿਰਾ ਦੇਵੇਗੀ ਤੇ ਖੇਤਰ ਦੇ ਲੋਕਾਂ ਨਾਲ ਸਬੰਧਤ ਹਰ ਮਸਲੇ ਨੂੰ ਲੈ ਕੇ ਅਾਵਾਜ਼ ਬੁਲੰਦ ਕਰਦੀ ਰਹੇਗੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਵਰ੍ਹਦੇ ਮੀਂਹ ’ਚ ਨਾਅਰੇਬਾਜ਼ੀ ਕਰ ਕੇ ਧਰਨਾਕਾਰੀਆਂ ’ਚ ਜੋਸ਼ ਭਰਿਆ। ਧਰਨੇ ਨੂੰ ਕਾ. ਰਣਜੀਤ ਸਰਥਲੀ, ਮਾ. ਜਗਨ ਨਾਥ ਭੰਡਾਰੀ, ਕਾ. ਮੋਹਣ ਸਿੰਘ ਧਮਾਣਾ, ਵੇਦ ਪ੍ਰਕਾਸ਼ ਸ਼ਰਮਾ, ਜਰਨੈਲ ਸਿੰਘ ਬਹਿਣੀਵਾਲ, ਅਸ਼ੋਕ ਸੈਣੀ, ਦਰਸ਼ਨ ਕੁਮਾਰ ਸੈਣੀਮਾਜਰਾ, ਰਾਜ ਕੁਮਾਰ, ਹੁਸਨ ਚੰਦ, ਸੁੱਚਾ ਸਿੰਘ ਬਸੀ, ਦੀਵਾਨ ਸਿੰਘ ਗਿੱਲ, ਅਸ਼ਵਨੀ ਚੱਢਾ, ਮਦਨ ਗੋਪਾਲ ਲਖਣੋਂ, ਸੁਰਿੰਦਰ ਪੰਨੂੰ, ਅਮਰੀਕ ਸਿੰਘ, ਬਲਵੀਰ ਅੌਲਖ, ਬਲਵੀਰ ਭੱਟੋਂ, ਕੁਲਦੀਪ ਢੰਡ, ਰਾਮ ਕੁਮਾਰ, ਸੁਭਾਸ਼ ਖੇਡ਼ੀ, ਸੋਮ ਸਿੰਘ, ਅਵਤਾਰ ਬਿੱਲਾ, ਬਾਬੂ ਮੋਹਣ ਲਾਲ, ਸ਼ਿੰਗਾਰਾ ਸਿੰਘ ਬਰਾਰੀ, ਰਮੇਸ਼ ਚੰਦਰ ਸ਼ਰਮਾ, ਰਾਣਾ ਤਰਲੋਕ ਸਿੰਘ ਤੇ ਛੋਟੂ ਰਾਮ ਜੱਟਪੁਰ ਆਦਿ ਨੇ ਵੀ ਸੰਬੋਧਨ ਕੀਤਾ। 
ਉਧਰ, ਇਲਾਕਾ ਸੰਘਰਸ਼ ਕਮੇਟੀ ਨੇ ਮੁਡ਼ 24 ਜੁਲਾਈ ਨੂੰ ਹੰਗਾਮੀ ਬੈਠਕ ਬੁਲਾਈ ਹੈ।  ਇਸ ਬੈਠਕ ’ਚ ਸਹਾਇਤਾ ਸੈੱਲ ਦਾ ਗਠਨ ਕੀਤਾ ਜਾਵੇਗਾ, ਜਿਸ ਰਾਹੀਂ ਸਰਕਾਰੀ ਅਦਾਰਿਆਂ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇਗੀ। 
 


Related News