ਗਊਸ਼ਾਲਾ ਬਣਨ ਦੇ ਬਾਵਜੂਦ ਸੜਕਾਂ ਤੇ ਗਲੀਆਂ 'ਚ ਘੁੰਮ ਰਹੇ ਬੇਸਹਾਰਾ ਪਸ਼ੂ

04/25/2018 4:59:03 AM

ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ 'ਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਗਿਣਤੀ 'ਚ ਹੋ ਰਹੇ ਵਾਧੇ ਨੇ ਸ਼ਹਿਰ ਦੀ ਸੁੰਦਰਤਾ ਤੇ ਸਵੱਛਤਾ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸਰਕਾਰ ਵੱਲੋਂ ਨਜ਼ਦੀਕ ਹੀ ਪਿੰਡ ਮੋਠਾਂਵਾਲ ਵਿਖੇ ਸਰਕਾਰੀ ਤੌਰ 'ਤੇ ਬਣਾਈ ਗਈ ਗਊਸ਼ਾਲਾ ਦੇ ਬਾਵਜੂਦ ਸੜਕਾਂ 'ਤੇ ਘੁੰਮ ਰਹੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਵੱਲੋਂ ਗਊਸ਼ਾਲਾ 'ਚ ਪਹੁੰਚਾਉਣ ਦੇ ਕੋਈ ਵੀ ਯਤਨ ਨਾ ਕਰਨ 'ਤੇ ਇਹ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ 'ਤੇ ਘੁੰਮ ਰਹੇ ਇਹ ਪਸ਼ੂ ਖੁਦ ਵੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਜਿਥੇ ਸੜਕਾਂ 'ਤੇ ਦਮ ਤੋੜ ਦਿੰਦੇ ਹਨ, ਉਥੇ ਇਹ ਰਾਹਗੀਰਾਂ ਲਈ ਵੀ ਮੌਤ ਦਾ ਕਾਲ ਬਣ ਕੇ ਆਉਂਦੇ ਹਨ। ਸਰਕਾਰ ਵੱਲੋਂ ਗਊ ਸੈੱਸ ਲਾਉਣ ਦੇ ਬਾਵਜੂਦ ਕੋਈ ਵੀ ਇਨ੍ਹਾਂ ਪਸ਼ੂਆਂ ਵੱਲ ਧਿਆਨ ਨਹੀਂ ਦੇ ਰਿਹਾ।   ਮਨੁੱਖੀ ਵਰਤਾਰਾ ਹੈ ਕਿ ਜਿਸ ਵਸਤੂ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ, ਉਸ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ। ਹੁਣ ਤਾਂ ਮਨੁੱਖ ਦਾ ਖੂਨ ਵੀ ਇਸ ਕਦਰ ਸਫੈਦ ਹੋ ਚੁੱਕਾ ਹੈ ਕਿ ਉਹ ਆਪਣੇ ਬਜ਼ੁਰਗ ਮਾਂ-ਪਿਉ ਨੂੰ ਵੀ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਹਨ, ਇਹ ਤਾਂ ਫਿਰ ਵੀ ਪਸ਼ੂ ਹਨ। ਆਮ ਹੀ ਦੇਖਿਆ ਜਾਂਦਾ ਹੈ ਕਿ ਜਿਸ ਗਊ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਹੈ, ਉਸ ਦਾ ਰੱਸਾ ਖੋਲ੍ਹ ਦਿੱਤਾ ਜਾਂਦਾ ਹੈ, ਜਦਕਿ ਵੱਛੇ ਜੰਮਦੇ ਹੀ ਬਾਹਰ ਕੱਢ ਦਿੱਤੇ ਜਾਂਦੇ ਹਨ ਕਿਉਂਕਿ ਉਹ ਕਿਸੇ ਵੀ ਕੰਮ ਨਹੀਂ ਆਉਂਦੇ। ਇਹ ਪਸ਼ੂ ਗਲੀਆਂ 'ਚ ਘੁੰਮਦੇ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਇਸ ਲਈ ਇਨ੍ਹਾਂ ਨੂੰ ਆਬਾਦੀ ਤੋਂ ਦੂਰ ਕੱਢ ਦਿੱਤਾ ਜਾਂਦਾ ਹੈ।   ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂ ਭੁੱਖ ਕਾਰਨ ਸੜਕਾਂ 'ਤੇ ਸੁੱਟੀ ਹੋਈ ਗੰਦਗੀ 'ਚ ਪੇਟ ਭਰਨ ਨੂੰ ਮੂੰਹ ਮਾਰਦੇ ਹਨ ਤੇ ਇਸ ਚੱਕਰ 'ਚ ਉਹ ਇਕ ਦੂਸਰੇ ਨਾਲ ਭਿੜ ਕੇ ਸੜਕਾਂ 'ਤੇ ਵੀ ਆ ਜਾਂਦੇ ਹਨ ਤੇ ਰਾਹਗੀਰਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
 ਗਊ ਪ੍ਰੇਮੀ ਕਮਲਜੀਤ ਗੁਪਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹੈ, ਜੇਕਰ ਧਿਆਨ ਦਿੱਤਾ ਜਾਵੇ ਤਾਂ ਇਸ ਮਸਲੇ ਦਾ ਹੱਲ ਆਸਾਨੀ ਨਾਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਸਮਝਦਾ, ਸੜਕਾਂ 'ਤੇ ਘੁੰਮ ਰਹੇ ਇਨ੍ਹਾਂ ਬੇਸਾਹਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਕਿਉਂ ਨਹੀਂ ਪਹੁੰਚਾਉਂਦਾ। ਜਦੋਂ ਲੋਕ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ 'ਚ ਪਹੁੰਚਾਉਣ ਜਾਂਦੇ ਹਨ ਤਾਂ ਗਊਸ਼ਾਲਾ ਵਾਲੇ ਪਸ਼ੂ ਲੈਣ ਤੋਂ ਇਨਕਾਰ ਕਰ ਦਿੰਦੇ ਹਨ। 


Related News