ਹਥਿਆਰਾਂ ਦੀ ਨੋਕ ''ਤੇ ਬੈਂਕ ਵਾਹਨ ਤੇ ਗੈਸ ਏਜੰਸੀਆਂ ਲੁੱਟਣ ਵਾਲਾ ਗਿਰੋਹ ਬੇਪਰਦ

Friday, Sep 29, 2017 - 06:37 AM (IST)

ਹਥਿਆਰਾਂ ਦੀ ਨੋਕ ''ਤੇ ਬੈਂਕ ਵਾਹਨ ਤੇ ਗੈਸ ਏਜੰਸੀਆਂ ਲੁੱਟਣ ਵਾਲਾ ਗਿਰੋਹ ਬੇਪਰਦ

ਅੰਮ੍ਰਿਤਸਰ,  (ਜ. ਬ.)-  ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀਆਂ, ਬੈਂਕ ਡਕੈਤੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਦਿਆਂ ਜ਼ਿਲਾ ਦਿਹਾਤੀ ਪੁਲਸ ਵੱਲੋਂ ਗਿਰੋਹ ਦੇ ਸਰਗਣੇ ਸਮੇਤ 4 ਹੋਰ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਜ਼ਿਲਾ ਪੁਲਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਇਸ ਖਤਰਨਾਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਇਸ ਗਿਰੋਹ ਦੇ ਸਰਗਣਾ ਹਰਜਿੰਦਰ ਸਿੰਘ ਪੱਪੀ ਪੁੱਤਰ ਬਲਦੇਵ ਸਿੰਘ ਵਾਸੀ ਪੱਧਰੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦੇ ਇਨ੍ਹਾਂ ਮੈਂਬਰਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਜਿਨ੍ਹਾਂ 'ਚ ਬੈਂਕ ਲੁੱਟਣ ਤੋਂ ਇਲਾਵਾ ਗੈਸ ਏਜੰਸੀਆਂ ਦੇ ਕਰਮਚਾਰੀਆਂ ਕੋਲੋਂ ਨਕਦੀ ਖੋਹਣ ਅਤੇ ਹੋਰ ਲੁੱਟ-ਖੋਹ ਦੀਆਂ ਵਾਰਦਾਤਾਂ ਸ਼ਾਮਿਲ ਹਨ, ਦਾ ਖੁਲਾਸਾ ਹੋਇਆ ਹੈ।
ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਹੋਰ ਮੈਂਬਰਾਂ ਕੁਲਵਿੰਦਰ ਸਿੰਘ ਲੱਡੂ ਬਾਬਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਵਲੀਪੁਰ ਤਰਨਤਾਰਨ, ਨਿਰਮਲ ਸਿੰਘ ਸੋਨੂੰ ਪੁੱਤਰ ਸੱਜਣ ਸਿੰਘ ਵਾਸੀ ਪੱਧਰੀ, ਹਰਪ੍ਰੀਤ ਸਿੰਘ ਬਿੱਲਾ ਪੁੱਤਰ ਦਲਬੀਰ ਸਿੰਘ ਵਾਸੀ ਘਰਿੰਡਾ ਤੇ ਦਵਿੰਦਰ ਸਿੰਘ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਬੱਲਸਰਾਂ ਨੂੰ ਪੁਲਸ ਪਾਰਟੀ ਨੇ ਉਸ ਵੇਲੇ ਕਾਬੂ ਕੀਤਾ ਜਦੋਂ ਉਕਤ ਗਿਰੋਹ ਦੇ ਮੈਂਬਰ ਪਿੰਡ ਵਜ਼ੀਰ ਭੁੱਲਰ ਵਿਖੇ ਸਥਿਤ ਸ਼ਮਸ਼ਾਨਘਾਟ 'ਚ ਬੈਠ ਕੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸਨ।
ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਪਿਸਟਲ 32 ਬੋਰ ਸਮੇਤ 7 ਕਾਰਤੂਸ, ਇਕ ਪਿਸਟਲ 30 ਬੋਰ ਸਮੇਤ 6 ਕਾਰਤੂਸ, 1 ਬਰੇਜ਼ਾ ਅਤੇ 1 ਸਵਿਫਟ ਕਾਰ ਬਿਨਾਂ ਨੰਬਰੀ ਬਰਾਮਦ ਹੋਈਆਂ। ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਦੱਸਿਆ ਕਿ ਗਿਰੋਹ ਦੇ 3 ਹੋਰ ਮੈਂਬਰ ਜੋਬਨਜੀਤ ਸਿੰਘ ਵਾਸੀ ਜੋਧੇ, ਜਸਵੰਤ ਸਿੰਘ ਸੰਤੂ ਤੇ ਰੋਸ਼ਨ ਸਿੰਘ ਵਾਸੀ ਬਲਸਰਾਂ ਜੋ 2 ਮੋਟਰਸਾਈਕਲਾਂ 'ਤੇ ਦੌੜਨ 'ਚ ਕਾਮਯਾਬ ਹੋ ਗਏ, ਦੇ ਖਿਲਾਫ ਥਾਣਾ ਬਿਆਸ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ 'ਚ ਮੰਨੀਆਂ ਵਾਰਦਾਤਾਂ ਦਾ ਖੁਲਾਸਾ
ਜ਼ਿਲਾ ਪੁਲਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਇਸ ਲੁਟੇਰਾ ਗਿਰੋਹ ਦੇ ਮੈਂਬਰਾਂ ਵੱਲੋਂ ਜਿਨ੍ਹਾਂ ਵਾਰਦਾਤਾਂ ਦਾ ਖੁਲਾਸਾ ਕੀਤਾ ਗਿਆ ਹੈ, ਉਨ੍ਹਾਂ 'ਚ 16-8-2017 ਨੂੰ ਵਣੀਏਕੇ ਸਥਿਤ ਐਕਸਿਸ ਬੈਂਕ ਵਿਚ ਡਕੈਤੀ ਕਰ ਕੇ 3 ਲੱਖ 23500 ਰੁਪਏ ਦੀ ਰਕਮ ਲੁੱਟਣ, 24-8-2017 ਨੂੰ ਭਾਰਤ ਗੈਸ ਏਜੰਸੀ ਸਤਲਾਣੀ ਸਾਹਿਬ ਰਣੀਕੇ ਦੇ ਮੈਨੇਜਰ ਕੋਲੋਂ 23120 ਰੁਪਏ ਦੀ ਰਕਮ ਖੋਹਣ, 2-9-17 ਨੂੰ ਕਸਬਾ ਰਈਆ ਤੋਂ ਇਕ ਬਰੇਜ਼ਾ ਕਾਰ ਚੋਰੀ ਕਰਨ, 13-9-17 ਨੂੰ ਚਾਟੀਵਿੰਡ ਥਾਣੇ ਦੇ ਪਿੰਡ ਰਾਮਪੁਰਾ ਦੇ ਅਲੀਸ਼ਾ ਗੈਸ ਦੇ ਗੋਦਾਮ ਕੀਪਰ ਕੋਲੋਂ 95500 ਰੁਪਏ ਦੀ ਨਕਦੀ ਖੋਹਣ, 15-9-17 ਨੂੰ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਨੇੜੇ ਪੰਜਾਬ ਐਂਡ ਸਿੰਧ ਬੈਂਕ ਵਿਚ ਲੁੱਟ ਦੀ ਨੀਅਤ ਨਾਲ ਗਾਰਡ ਨੂੰ ਜ਼ਖਮੀ ਕਰਨ ਤੋਂ ਇਲਾਵਾ ਤਰਨਤਾਰਨ ਦੇ ਪਿੰਡ ਢੰਡ ਕਸੇਲ ਤੋਂ ਬੀਤੀ 10 ਅਗਸਤ ਨੂੰ ਇਕ ਸੁਨਿਆਰੇ ਦੀ ਲੱਤ ਵਿਚ ਗੋਲੀ ਮਾਰਨ ਮਗਰੋਂ 48000 ਰੁਪਏ ਦੀ ਰਕਮ ਖੋਹਣ, ਪਿੰਡ ਜੰਡੋਕੇ ਨੇੜੇ 21-9-17 ਨੂੰ ਏ. ਟੀ. ਐੱਮ. ਤੋੜÎਨ ਦੀ ਕੋਸ਼ਿਸ਼ ਅਤੇ ਪਿੰਡ ਢੰਡ ਕਸੇਲ ਨੇੜੇ ਬੀਤੀ 4-9-17 ਨੂੰ ਬੈਂਕ ਦੀ ਕੈਸ਼ ਵੈਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਅਤੇ ਜਲੰਧਰ ਦੇ ਪੀ. ਏ. ਪੀ. ਚੌਂਕ ਨੇੜਿਓਂ ਹਥਿਆਰ ਦੀ ਨੋਕ 'ਤੇ ਸਵਿਫਟ ਡਿਜ਼ਾਇਰ ਕਾਰ ਖੋਹਣ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ। 


Related News