ਚਰਚਾ 'ਚ CM ਮਾਨ ਦਾ ਵਿਆਹ, 'ਆਪ' ਸਰਕਾਰ 'ਚ 3 ਮੰਤਰੀ ਅਤੇ ਕਈ ਵਿਧਾਇਕ ਹੁਣ ਵੀ ਕੁਆਰੇ

Thursday, Jul 07, 2022 - 02:28 PM (IST)

ਚਰਚਾ 'ਚ CM ਮਾਨ ਦਾ ਵਿਆਹ, 'ਆਪ' ਸਰਕਾਰ 'ਚ 3 ਮੰਤਰੀ ਅਤੇ ਕਈ ਵਿਧਾਇਕ ਹੁਣ ਵੀ ਕੁਆਰੇ

ਚੰਡੀਗੜ੍ਹ/ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ ਪਰ ਉਨ੍ਹਾਂ ਦੀ ਆਪਣੀ ਸਰਕਾਰ ਵਿੱਚ ਸੱਤ ਮੰਤਰੀ ਅਤੇ ਵਿਧਾਇਕ ਅਜਿਹੇ ਹਨ ਜੋ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਕੁਆਰਿਆਂ ਦੇ ਟੋਲੇ ਵਿੱਚ ਸ਼ਾਮਲ ਹਨ ਪਰ ਜ਼ਿਆਦਾਤਰ ਕੁਆਰੇ ਵਿਧਾਇਕ ਪੰਜਾਬ ਦੇ ਮਾਲਵਾ ਖੇਤਰ ਤੋਂ ਹਨ। ਜ਼ਾਹਿਰ ਹੈ ਕਿ ਕੁਝ ਸਮਾਂ ਛੱਡ ਕੇ ਸਰਕਾਰ ਵਿੱਚ ਸ਼ਹਿਨਾਈਆਂ ਵੱਜਦੀਆਂ ਰਹਿਣਗੀਆਂ।

48 ਸਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਕੁਆਰਿਆਂ ਵਿੱਚੋਂ ਸਭ ਤੋਂ ਵੱਧ ਉਮਰ ਦੇ ਸਨ, ਜੋ 2015 ਤੋਂ ਕੁਆਰੇ ਸਨ। ਉਨ੍ਹਾਂ ਦਾ ਵੀ ਅੱਜ ਵਿਆਹ ਹੋ ਗਿਆ ਹੈ। ਮੁੱਖ ਮੰਤਰੀ ਮਾਨ ਦੇ ਵਿਆਹ ਹੁਣ ਕੁਝ ਦਿਨਾਂ ਲਈ ਚਰਚਾ 'ਚ ਰਹਿਣ ਵਾਲਾ ਹੈ । ਦੱਸ ਦੇਈਏ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵਿਚ ਅਜੇ ਵੀ ਸੱਤ ਮੰਤਰੀ ਅਤੇ ਵਿਧਾਇਕ ਅਜਿਹੇ ਹਨ, ਜੋ ਕੁਆਰੇ ਹਨ ਅਤੇ ਸ਼ਹਿਨਾਈਆਂ ਦੀ ਉਡੀਕ ਕਰ ਰਹੇ ਹਨ। ਕੈਬਨਿਟ ਮੰਤਰੀ ਅਤੇ ਬਰਨਾਲਾ ਤੋਂ 33 ਸਾਲਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੀ ਅਜੇ ਕੁਆਰੇ ਹਨ। ਮੁੜ ਵਿਧਾਇਕ ਬਣੇ ਮੀਤ ਹੇਅਰ ਨੇ ਆਪਣੇ ਵਿਆਹ ਬਾਰੇ ਟਵੀਟ ਕਰਦਿਆਂ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਉਹ ਵੀ ਹੁਣ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਤਿਆਰੀ ਕਰ ਰਹੇ ਹਨ, ਲਾੜੀ ਦੀ ਭਾਲ ਜਾਰੀ ਹੈ। ਮੀਤ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਿਆਹ ਤੋਂ ਬਾਅਦ ਹੁਣ ਵਿਆਹ ਕਰਵਾਉਣ ਲਈ ਉਨ੍ਹਾਂ 'ਤੇ ਪਰਿਵਾਰ ਦਾ ਦਬਾਅ ਹੋਰ ਵੀ ਵਧ ਜਾਵੇਗਾ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਨਾਲ ਵਿਆਹ ਤੋਂ ਬਾਅਦ ਟਵਿਟਰ ’ਤੇ ਟ੍ਰੈਂਡ ਕਰਨ ਲੱਗੀ ਗੁਰਪ੍ਰੀਤ ਕੌਰ

ਪੰਜਾਬ ਦੇ ਨਵ-ਨਿਯੁਕਤ ਮੰਤਰੀ ਅਤੇ ਖਰੜ ਤੋਂ 31 ਸਾਲਾ ਵਿਧਾਇਕ ਅਨਮੋਲ ਗਗਨ ਮਾਨ ਵੀ ਤੱਕ ਕੁਆਰੀ ਹੈ। ਗਾਇਕ ਅਨਮੋਲ ਪੰਜਾਬ ਦੇ ਲੋਕ ਗੀਤਾਂ ਵਿੱਚ ਵੀ ਐਵਾਰਡ ਜਿੱਤ ਚੁੱਕੇ ਹਨ। ਉਨ੍ਹਾਂ ਦਾ 'ਜਾਗੋਂ' ਗੀਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਸੁਰਖੀਆਂ ਵਿੱਚ ਰਿਹਾ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਤੋਂ ਇੱਕ ਕਿਸਾਨ ਪਰਿਵਾਰ ਦੀ 27 ਸਾਲਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਕੁਆਰੀ ਹੈ । ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ ਭਰਾਜ ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਾਇਦਾਦ ਦੇ ਵੇਰਵਿਆਂ ਦੇ ਰੂਪ ਵਿੱਚ ਸਿਰਫ਼ 24,409 ਰੁਪਏ ਦਿਖਾਏ, ਜੋ ਕਿ ਸੂਬੇ ਦੇ ਬਾਕੀ ਉਮੀਦਵਾਰਾਂ ਨਾਲੋਂ ਸਭ ਤੋਂ ਘੱਟ ਸੀ। ਉਨ੍ਹਾਂ ਕਾਂਗਰਸ ਉਮੀਦਵਾਰ ਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਹਰਾਇਆ। ਉਸਨੇ 20 ਸਾਲ ਦੀ ਉਮਰ ਤੋਂ ਸਿਆਸਤ ਵਿੱਚ ਕਦਮ ਰੱਖਿਆ ਸੀ ਅਤੇ ਉਦੋਂ ਤੋਂ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ।

ਇਸ ਤੋਂ ਇਲਾਵਾ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 31 ਸਾਲਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਵੀ ਹੁਣ ਤੱਕ ਵਿਆਹ ਨਹੀਂ ਕਰਵਾਇਆ। ਭਗਵੰਤ ਮਾਨ ਦੇ ਮੰਤਰੀ ਮੰਡਲ 'ਚ  ਅਹੁਦਾ ਹਾਸਲ ਕਰਨ ਵਾਲੇ ਹਰਜੋਤ ਸਿੰਘ ਬੈਂਸ , ਸਭ ਤੋਂ ਨੌਜਵਾਨ ਅਤੇ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਉਹ ਪੇਸ਼ੇ ਤੋਂ ਵਕੀਲ ਰਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਹਰਾਇਆ ਸੀ। 

ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ, ਦੇਖੋ ਖੁਸ਼ੀ ਦੇ ਪਲ ਬਿਆਨ ਕਰਦੀਆਂ ਤਸਵੀਰਾਂ

ਮਾਲਵੇ ਦੇ ਬਾਘਾ ਪੁਰਾਣਾ ਤੋਂ 32 ਸਾਲਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਕੁਆਰਿਆਂ ਦੀ ਟੋਲੀ ਵਿੱਚੋਂ ਇਕ ਹਨ। ਉਨ੍ਹਾਂ ਨੇ ਬੀ.ਟੈੱਕ ਅਤੇ ਐੱਮ.ਬੀ.ਏ. ਪਾਸ ਕੀਤੀ ਹੈ ਅਤੇ ਇਸ ਸਮੇਂ ਪੀ.ਐੱਚ.ਡੀ. ਕਰ ਰਹੇ ਹਨ।  ਅਮਲੋਹ ਤੋਂ 30 ਸਾਲਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੀ ਬੈਚਲਰ ਹਨ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕੀਤੀ ਹੋਈ ਹੈ। ਇੱਕ ਸਾਲ ਪਹਿਲਾਂ ਅਕਾਲੀ ਦਲ ਛੱਡਣ ਵਾਲੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਾਨਾ (30) ਵੀ ਕੁਆਰੇ ਹਨ।

ਸਰਕਾਰ ਤੋਂ ਬਾਹਰ ਪਰ ਆਮ ਆਦਮੀ ਪਾਰਟੀ ਦੇ ਪ੍ਰਭਾਵਸ਼ਾਲੀ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਹੁਣ ਤੱਕ ਵਿਆਹ ਨਹੀਂ ਕਰਵਾਇਆ । 33 ਸਾਲਾ ਰਾਘਵ ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਸਨ। ਰਾਜ ਸਭਾ ਦੇ ਮੈਂਬਰ ਵਜੋਂ ਰਾਘਵ ਨੂੰ ਨੌਜਵਾਨ ਮੈਂਬਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਫਰਵਰੀ 2018 ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦਾ ਵਿਆਹ ਪਾਰਟੀ ਦੇ ਹੀ ਇੱਕ ਆਗੂ ਬਲਰਾਜ ਸਿੰਘ ਨਾਲ ਹੋਇਆ ਸੀ। ਜਦੋਂ ਕਿ ਨਵੰਬਰ 2009 ਵਿੱਚ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਧਾਇਕ ਬਣਨ ਤੋਂ ਬਾਅਦ ਵਿਆਹ ਹੋਇਆ ਸੀ। ਸਾਲ 2017 ਵਿੱਚ ਵੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਬਣੀ ਸੀ। 2016 ਤੋਂ 2017 ਦਰਮਿਆਨ ਦਿੱਲੀ ਦੇ ਤਿੰਨ ਵਿਧਾਇਕਾਂ ਦਾ ਵਿਆਹ ਹੋਇਆ ਅਤੇ ਤਿੰਨ ਵਿਧਾਇਕ ਪਿਤਾ ਜਾਂ ਮਾਂ ਬਣੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News