ਆਟੋ ਚਾਲਕ ਬੇਖੌਫ ਕਰ ਰਹੇ ਨੇ ਓਵਰਲੋਡਿੰਗ ਤੇ ਟ੍ਰੈਫਿਕ ਪੁਲਸ ਸੈਮੀਨਾਰਾਂ ਤੱਕ ਸੀਮਤ

11/20/2017 6:30:27 AM

ਗੁਰਦਾਸਪੁਰ, (ਦੀਪਕ)– ਇਕ ਪਾਸੇ ਐੱਸ. ਐੱਸ. ਪੀ. ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟ੍ਰੈਫਿਕ ਪੁਲਸ ਵੱਲੋਂ ਰੋਜ਼ਾਨਾ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੀ ਲੋਕ ਟ੍ਰੈਫਿਕ ਪੁਲਸ ਵੱਲੋਂ ਦੱਸੇ ਜਾਂਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ, ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਗੁਰਦਾਸਪੁਰ 'ਚ ਆਟੋ ਚਾਲਕ ਆਪਣੇ ਆਟੋ ਨੂੰ ਪੂਰੀ ਤਰ੍ਹਾਂ ਭਰ ਕੇ ਸ਼ਰੇਆਮ ਸ਼ਹਿਰ 'ਚੋਂ ਲੰਘ ਰਿਹਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਵਾਰੀਆਂ ਨਾਲ ਉੱਤੋਂ ਤੱਕ ਭਰੇ ਆਟੋ ਨੂੰ ਸ਼ਹਿਰ 'ਚ ਕੋਈ ਵੀ ਰੋਕਣ ਵਾਲਾ ਨਹੀਂ, ਜੋ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਲੰਘ ਰਿਹਾ ਸੀ। ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਟ੍ਰੈਫਿਕ ਪੁਲਸ ਸਿਰਫ ਸੈਮੀਨਾਰਾਂ ਤੱਕ ਹੀ ਸੀਮਤ ਹੈ।ਦੱਸ ਦਈਏ ਕਿ ਟ੍ਰੈਫਿਕ ਪੁਲਸ ਵੱਲੋਂ ਰੋਜ਼ਾਨਾ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਰੋਜ਼ਾਨਾ ਸ਼ਹਿਰ 'ਚ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਆਟੋ ਚਾਲਕ ਟ੍ਰੈਫਿਕ ਨਿਯਮਾਂ ਨੂੰ ਤਾਕ 'ਚ ਰੱਖ ਕੇ ਓਵਰਲੋਡ ਸਵਾਰੀਆਂ ਬਿਠਾ ਕੇ ਆਟੋ ਚਲਾਉਂਦੇ ਹਨ, ਜਿਸ ਕਾਰਨ ਹਾਦਸਿਆਂ 'ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਹਿਲਾਂ ਹੀ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਵਜ੍ਹਾ ਨਾਲ ਰੋਜ਼ਾਨਾ ਹਾਦਸੇ ਹੋ ਰਹੇ ਹਨ ਅਤੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਸ਼ਹਿਰ ਵਾਸੀਆਂ ਨੇ ਅਜਿਹੇ ਓਵਰਲੋਡ ਕਰਕੇ ਵਾਹਨਾਂ ਨੂੰ ਚਲਾਉਣ ਵਾਲੇ ਲੋਕਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ।


Related News